ਬਰਨਾਲਾ: ਕਰਨਾਟਕ ਵਿਚ ਮੁਸਲਿਮ ਲੜਕੀਆਂ ਨੂੰ ਹਿਜਾਬ ਪਹਿਨ ਕੇ ਵਿੱਦਿਅਕ ਸੰਸਥਾਵਾਂ ਵਿੱਚ ਆਉਣ ਤੋਂ ਰੋਕਣ ਖ਼ਿਲਾਫ਼ ਸਾਂਝਾ ਇਸਤਰੀ ਮੰਚ ਬਰਨਾਲਾ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਕਰਕੇ ਰੇਲਵੇ ਸਟੇਸ਼ਨ ਤੱਕ ਕੱਢੇ ਗਏ। ਇਸ ਰੋਸ ਮਾਰਚ ਦੌਰਾਨ ਮਹਿਲਾਵਾਂ ਨੇ ‘ਧਰਮ ਦੇ ਨਾਂਅ 'ਤੇ ਵਿਤਕਰਾ ਬੰਦ ਕਰੋ ’ ਅਤੇ ‘ ਸਾਡੇ ਖਾਣੇ ਤੇ ਪਹਿਰਾਵੇ ਵਿੱਚ ਦਖ਼ਲ ਦੇਣਾ ਬੰਦ ਕਰੋ ' ਫਾਸ਼ੀ ਮੋਦੀ ਹਕੂਮਤ-ਮੁਰਦਾਬਾਦ' ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਔਰਤ ਆਗੂਆਂ ਚਰਨਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਕੇਵਲਜੀਤ ਕੌਰ, ਕਮਲਜੀਤ ਕੌਰ, ਗਮਦੂਰ ਕੌਰ, ਗੁਰਮੀਤ ਕੌਰ ਨੱਤ, ਖੁਸ਼ੀ ਮਨਸੂਰੀ, ਸੀਬਾ ਮਨਸੂਰੀ, ਮਹਿਕਦੀਪ ਨੇ ਆਖਿਆ ਕਿ ਕਰਨਾਟਕ ਵਿਚ ਹਿਜਾਬ ਪਹਿਨਣ ਤੋਂ ਰੋਕਣ ਅਸਲ ਵਿੱਚ ਆਰ.ਐੱਸ.ਐੱਸ ਦਾ ਹਿੰਦੂ ਰਾਸ਼ਟਰ ਦੇ ਏਜੰਡਾ ਦਾ ਹੀ ਅਮਲ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ 'ਤੇ ਵੀ ਔਰਤ ਆਜ਼ਾਦ ਨਹੀਂ ਹੋ ਸਕੀ।

ਉਨ੍ਹਾਂ ਆਖਿਆ ਕਿ ਮੁਸਲਿਮ ਲੜਕੀਆਂ ਵੱਲੋਂ ਰਵਾਇਤੀ ਤੌਰ ' ਤੇ ਪਹਿਨੇ ਜਾ ਰਹੇ ਹਿਜਾਬ ਨੂੰ ਬਹਾਨਾ ਬਣਾ ਕੇ ਆਰ.ਐੱਸ.ਐੱਸ ਨੇ ਕਰਨਾਟਕ ਵਿੱਚ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਧਰਮ ਨਿਰਪੱਖਤਾ ਦੀਆਂ ਦਲੀਲਾਂ ਦੇ ਰਹੇ ਸੰਘੀ ਫਿਰਕੂ, ਗੈਰ ਹਿੰਦੂ ਲੜਕੀਆਂ ਨੂੰ ਭਗਵੇਂ ਦੁਪੱਟੇ ਲੈ ਕੇ ਵਿੱਦਿਅਕ ਸੰਸਥਾਵਾਂ ਵਿੱਚ ਜਾਣ ਲਈ ਲਾਮਬੰਦ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਘੱਟ ਗਿਣਤੀਆਂ ਦੀ ਆਜ਼ਾਦੀ 'ਤੇ ਇਸ ਤਰ੍ਹਾਂ ਦੇ ਹਮਲੇ ਉੱਕਾ ਹੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹਸਨ ਮੁਹੰਮਦ, ਮੁਹੰਮਦ ਹਮੀਦ ਚੌਹਾਨ ਕੇ ,ਸੁਖਵਿੰਦਰ ਖ਼ਾਨ , ਰੇਸ਼ਮਾ ਖਾਤੂਨ , ਸ਼ਹਿਨਾਜ ਖ਼ਾਤੂਨ ਵੀ ਹਾਜ਼ਰ ਸਨ। ਬੁਲਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਮੋਦੀ ਹਕੂਮਤ ਦੇ ਘੱਟ ਗਿਣਤੀਆਂ ਪ੍ਰਤੀ ਹਮਲੇ ਨੂੰ ਸਾਂਝੇ ਵਿਸ਼ਾਲ ਏਕੇ ਰਾਹੀਂ ਹੀ ਚੱਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸਿਖਰਾਂ ’ਤੇ ਪ੍ਰਚਾਰ, ਵੱਡਾ ਸਵਾਲ ਕੌਣ ਜਿੱਤੇਗਾ ਪੰਜਾਬ ?