ਬਰਨਾਲਾ: ਬਿਜਲੀ ਵਿਭਾਗ ਵੱਲੋਂ ਬਰਨਾਲਾ ਦੇ ਥਾਣੇ ਵਿੱਚ ਛਾਪਾ ਮਾਰ ਕੇ ਬਿਜਲੀ ਦੀ ਚੋਰੀ ਫੜ੍ਹੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਬਿਜਲੀ ਵਿਭਾਗ ਦੇ ਜੇਈ ਜਗਦੀਪ ਸਿੰਘ ਨੇ ਦੱਸਿਆ ਕਿ ਉਹ 19 ਅਗਸਤ ਨੂੰ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਸੀ ਤਾਂ ਸਦਰ ਬਾਜ਼ਾਰ ਵਿੱਚ ਉਸ ਦੀ ਕਾਰ ਦੇ ਅੱਗੇ ਇੱਕ ਕਾਰ ਰੁਕਣ ਕਾਰਨ ਉਸ ਨੇ ਬ੍ਰੇਕ ਲਗਾ ਦਿੱਤੀ। ਜਿਸ ਦੇ ਕਾਰਨ ਪਿੱਛੋਂ ਤੋਂ ਆ ਰਹੇ ਇੱਕ ਵਿਅਕਤੀ ਨੇ ਕਾਰ ਵਿੱਚ ਆਪਣੀ ਮੋਟਰਸਾਈਕਲ ਮਾਰ ਦਿੱਤਾ। ਜਦੋਂ ਉਹ ਕਾਰ ਤੋਂ ਉਤਰ ਕੇ ਥੱਲੇ ਗਿਆ ਤਾਂ ਮੋਟਰਸਾਈਕਲ ਚਾਲਕ ਨਾਲ ਨੁਕਸਾਨ ਦੀ ਗੱਲ ਕੀਤੀ। ਪਰ ਮੌਕੇ ’ਤੇ ਕੁੱਝ ਪੁਲਿਸ ਮੁਲਾਜ਼ਮ ਆਏ ਅਤੇ ਉਸ ਨੂੰ ਥਾਣੇ ਲੈ ਗਏ। ਰਾਤ 12 ਵਜੇ ਤੱਕ ਉਸ ਨਾਲ ਮਾਰਕੁੱਟ ਕੀਤੀ ਗਈ ਅਤੇ ਉਸ ਨੂੰ ਜ਼ਲੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੂੰ ਥਾਣੇ ਵਿੱਚ ਲਿਆਂਦਾ ਗਿਆ ਤਾਂ ਪੁਲਿਸ ਮੁਲਾਜ਼ਮ ਥਾਣੇ ਵਿੱਚ ਸ਼ਰਾਬ ਪੀ ਰਹੇ ਸੀ।
ਉਨ੍ਹਾਂ ਦੱਸਿਆ ਕਿ ਦੇਰ ਰਾਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਥਾਣੇ ਵਿੱਚ ਹੋਣ ਦਾ ਪਤਾ ਲੱਗਿਆ ਤਾਂ ਉਹ ਆਏ ਅਤੇ 5 ਹਜ਼ਾਰ ਰਿਸ਼ਵਤ ਪੁਲਿਸ ਨੇ ਲੈ ਕੇ ਉਸ ਨੂੰ ਛੱਡਿਆ। ਉਨ੍ਹਾਂ ਪੁਲਿਸ ਤੋਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।
ਪੀੜਤ ਜੇਈ ਜਗਦੀਪ ਸਿੰਘ ਨੇ ਨਾਲ ਪੁੱਜੇ ਜੇਈ ਗੁਰਲਾਭ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਇਸ ਦੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਧਰ ਇਸ ਮਾਮਲੇ ਵਿੱਚ ਬਿਜਲੀ ਦੀ ਚੈਕਿੰਗ ਕਰਨ ਆਏ ਬਿਜਲੀ ਵਿਭਾਗ ਦੇ ਜੇਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੀ ਸ਼ਿਕਾਇਤ ਦਰਜ਼ ਕਰਵਾਉਣ ਥਾਣਾ ਸਿਟੀ-1 ਵਿੱਚ ਆਏ ਸੀ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਥਾਣੇ ਵਿੱਚ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਜਿਸ ਦੇ ਬਾਅਦ ਉਨ੍ਹਾਂ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਮੌਕੇ ’ਤੇ ਆ ਕੇ ਦੇਖਿਆ ਤਾਂ ਸਾਰੇ ਥਾਣੇ ਵਿੱਚ ਏਸੀ ਡਾਇਰੈਕਟ ਕੁੰਡੀ ਕਨੈਕਸ਼ਨ ਰਾਹੀਂ ਚਲਾਏ ਜਾ ਰਹੇ ਸਨ ਅਤੇ ਥਾਣੇ ਵਿੱਚ ਬਿਜਲੀ ਚੋਰੀ ਸ਼ਰੇਆਮ ਹੋ ਰਹੀ ਸੀ। ਜਿਸ ਦੇ ਬਾਅਦ ਉਚ ਅਧਿਕਾਰੀਆਂ ਨੇ ਮੌਕੇ ’ਤੇ ਹੀ ਬਿਜਲੀ ਚੋਰੀ ਵਿੱਚ ਵਰਤੀ ਜਾ ਰਹੀ ਤਾਰ ਨੂੰ ਕਬਜ਼ੇ ਵਿੱਚ ਲੈ ਲਿਆ।
ਉਧਰ ਇਸ ਸਬੰਧੀ ਥਾਣਾ ਸਿਟੀ-1 ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਜੇਈ ਨੇ ਹੋਮਗਾਰਡ ਦੇ ਜਵਾਨ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।