ਬਰਨਾਲਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਫਾਇਰਿੰਗ ਮਾਮਲੇ ਵਿੱਚ ਨਾਮਜ਼ਦ 2 ਮੁਲਜ਼ਮਾਂ ਕਰਮ ਸੁਖਵੀਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਬਰਨਾਲਾ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ 5 ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 6 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਬਰਨਾਲਾ ਸੈਸ਼ਨ ਕੋਰਟ ਵਿੱਚੋਂ ਰੱਦ ਹੋ ਚੁੱਕੀ ਹੈ। ਉੱਥੇ ਹੀ ਸਿੱਧੂ ਮੂਸੇ ਵਾਲਾ ਵੱਲੋਂ ਹੁਣ ਤੱਕ ਬਰਨਾਲਾ ਸੈਸ਼ਨ ਕੋਰਟ ਵਿੱਚ ਆਪਣੀ ਜ਼ਮਾਨਤ ਅਰਜ਼ੀ ਦਾਇਰ ਨਹੀਂ ਕੀਤੀ ਗਈ ਅਤੇ ਪੁਲਿਸ ਵੱਲੋਂ ਵੀ ਅਜੇ ਤੱਕ ਸਿੱਧੂ ਮੂਸੇ ਵਾਲੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੀ 1 ਮਈ ਨੂੰ ਗਾਇਕ ਸਿੱਧੂ ਮੂਸੇ ਵਾਲਾ, ਉਸ ਦੇ 3 ਦੋਸਤਾਂ ਅਤੇ 5 ਪੁਲਿਸ ਮੁਲਾਜ਼ਮਾਂ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਵਿੱਚ ਏਕੇ-47 ਫਾਇਰਿੰਗ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਫਸੇ 250 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਅੱਜ ਪਰਤੇਗਾ ਭਾਰਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂੰ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇ ਵਾਲਾ ਫਾਇਰਿੰਗ ਮਾਮਲੇ 'ਚ ਧਨੌਲਾ ਥਾਣੇ 'ਚ ਕੇਸ ਦਰਜ ਹੋਇਆ ਸੀ, ਜਿਸ ਸਬੰਧੀ 6 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਬਰਨਾਲਾ ਸੈਸ਼ਨ ਕੋਰਟ 'ਚ ਹੀ ਰੱਦ ਹੋ ਚੁੱਕੀ ਹੈ। ਇਸ ਮਾਮਲੇ 'ਚ 2 ਹੋਰ ਮੁਲਜ਼ਮਾਂ ਦੀ ਅਰਜ਼ੀ ਅੱਜ ਬਰਨਾਲਾ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਸਿੱਧੂ ਮੂਸੇ ਵਾਲੇ ਵੱਲੋਂ ਅਜੇ ਤੱਕ ਬਰਨਾਲਾ ਅਦਾਲਤ 'ਚ ਜ਼ਮਾਨਤ ਲਈ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।