ਬਰਨਾਲਾ: ਤਿੰਨ ਖੇਤੀ ਸਬੰਧੀ ਬਣਾਏ ਗਏ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ 39 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਨਿਰੰਤਰ ਚੱਲ ਰਿਹਾ ਹੈ। ਇਸ ਕਿਸਾਨੀ ਘੋਲ ਵਿੱਚ ਰੋਜ਼ਾਨਾ ਕਿਸਾਨੀ ਨਾਲ ਸਬੰਧਤ ਅਨੇਕਾਂ ਨਵੇਂ ਪੱਖ ਸਾਹਮਣੇ ਆ ਰਹੇ ਹਨ। ਸੰਘਰਸ਼ ਨੇ ਆਮ ਲੋਕਾਂ ਨੂੰ ਖਾਸ ਬਣਾਇਆ ਹੈ ਅਤੇ ਵੀਆਈਪੀ ਲੋਕਾਂ ਨੂੰ ਕਿਸਾਨਾਂ ਦੀ ਸੂਚੀ ਤੋਂ ਵੀ ਬਾਹਰ ਕੱਢਿਆ ਹੈ। ਹਰ ਆਮ ਕਿਸਾਨ ਦੀ ਜੇਬ ’ਤੇ ਲੱਗੇ ਜੱਥੇਬੰਦੀ ਦੇ ਬੈਜ਼ ਅਤੇ ਹੱਥ ਵਿੱਚ ਫ਼ੜੇ ਕਿਸਾਨੀ ਝੰਡੇ ਨੇ ਉਸ ਨੂੰ ਖ਼ਾਸ ਬਣਾ ਦਿੱਤਾ ਹੈ। ਕਿਸਾਨ ਜੱਥੇਬੰਦੀਆਂ ਦੇ ਬੈਜ਼ ਅਤੇ ਝੰਡੇ ਕਿਸਾਨਾਂ ਲਈ ਵੀਆਈਪੀ ਪਾਸ ਦੀ ਭੂਮਿਕਾ ਨਿਭਾ ਰਹੇ ਹਨ। ਜਿਸ ਕਰਕੇ ਦਿੱਲੀ ਜਾਣ ਲਈ ਬੱਸ, ਰੇਲ ਦੇ ਸਫ਼ਰ ਦੇ ਨਾਲ ਨਾਲ ਟੌਲ ਪਰਚੀ ਤੋਂ ਕਿਸਾਨਾਂ ਨੂੰ ਛੋਟ ਮਿਲ ਰਹੀ ਹੈ।
ਪੰਜਾਬ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ

ਗੱਡੀ ਰਾਹੀਂ ਦਿੱਲੀ ਜਾਣ ਵਾਲੇ ਬੀਕੇਯੂ ਕਾਦੀਆਂ ਦੇ ਆਗੂ ਜੱਗਾ ਸਿੰਘ ਛੀਨੀਵਾਲ ਨੇ ਦੱਸਿਆ ਕਿ ਪੰਜਾਬ ਦੇ ਟੌਲ ਪਲਾਜ਼ਿਆਂ ’ਤੇ ਜੱਥੇਬੰਦੀਆਂ ਦੇ ਪਹਿਲਾਂ ਹੀ ਧਰਨੇ ਜਾਰੀ ਹਨ। ਹਰਿਆਣਾ ਦੇ ਟੌਲ ਵਾਲੇ ਵੀ ਕਿਸਾਨੀ ਝੰਡੇ ਵਾਲੀਆਂ ਗੱਡੀਆਂ ਨੂੰ ਵੀਆਈਪੀ ਲਾਈਨ ਵਿੱਚ ਦੀ ਰਸਤਾ ਦੇ ਕੇ ਬਿਨਾਂ ਟੌਲ ਪਰਚੀ ਤੋਂ ਲੰਘਾ ਰਹੇ ਹਨ। ਬੀਕੇਯੂ ਡਕੌਂਦਾ ਆਗੂ ਹਰਮੰਡਲ ਸਿੰਘ ਜੋਧਪੁਰ ਨੇ ਦੱਸਿਆ ਕਿ ਕਿਸਾਨਾਂ ਦੇ ਟਰੈਕਟਰਾਂ ਨੂੰ ਹਰਿਆਣਾ ਦੇ ਟੌਲ ’ਤੇ ਵੀਆਈਪੀ ਰਸਤੇ ਲੰਘਾਇਆ ਜਾ ਰਿਹਾ ਹੈ।
ਕਿਸਾਨੀ ਝੰਡੇ ਕਰਕੇ ਬੱਸ ਦੇ ਕਿਰਾਏ 'ਚ ਮਿਲ ਰਹੀ ਛੋਟ

ਬੀਕੇਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਕਿਸਾਨੀ ਘੋਲ ਦੌਰਾਨ ਉਹ ਬਰਨਾਲਾ ਤੋਂ ਦਿੱਲੀ ਦਾ ਕਈ ਵਾਰ ਸਫ਼ਰ ਕਰ ਚੁੱਕੇ ਹਨ। ਉਨ੍ਹਾਂ ਦੇ ਕਿਸਾਨ ਜੱਥੇਬੰਦੀ ਦਾ ਬੈਜ਼ ਅਤੇ ਹੱਥ ਵਿੱਚ ਝੰਡਾ ਹੋਣ ਕਾਰਨ ਬੱਸ ਕਿਰਾਏ ਤੋਂ ਛੋਟ ਮਿਲ ਰਹੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਵਰਿੰਦਰ ਆਜ਼ਾਦ ਨੇ ਦੱਸਿਆ ਕਿ ਉਹ ਦਿੱਲੀ ਮੋਰਚੇ ਵਿੱਚ ਰੇਲ ਰਾਹੀਂ ਸਫ਼ਰ ਕਰਕੇ ਸ਼ਾਮਲ ਹੋ ਰਿਹਾ ਹੈ। ਸੂਬੇ ਤੋਂ ਰੋਜ਼ਾਨਾਂ ਸੈਂਕੜੇ ਕਿਸਾਨ ਰੇਲ ਸਫ਼ਰ ਕਰਕੇ ਦਿੱਲੀ ਜਾ ਰਹੇ ਹਨ। ਜਿਨ੍ਹਾਂ ਦੇ ਹੱਥਾਂ ਵਿੱਚ ਝੰਡੇ ਅਤੇ ਬੈਜ਼ ਲੱਗੇ ਹੋਣ ਕਾਰਨ ਕਿਰਾਏ ਦੀ ਛੋਟ ਮਿਲ ਰਹੀ ਹੈ।
ਹੁਣ ਦੌਰ ਵੀਆਈਪੀ ਲੋਕਾਂ ਦੀ ਥਾਂ ਕਿਸਾਨਾਂ ਦਾ

ਬੀਕੇਯੂ ਕਾਦੀਆਂ ਦੇ ਆਗੂ ਸਿਕੰਦਰ ਸਿੰਘ ਮਾਨ ਨੇ ਕਿਹਾ ਕਿ ਬੱਸ, ਰੇਲ ਸਫ਼ਰ ਦੀਆਂ ਮੁਫ਼ਤ ਸਹੂਲਤਾਂ ਸਿਰਫ਼ ਵੀਆਈਪੀ ਲੋਕਾਂ ਹੀ ਚੱਲੀਆਂ ਆ ਰਹੀਆਂ ਹਨ। ਪਰ ਹੁਣ ਦੌਰ ਵੀਆਈਪੀ ਲੋਕਾਂ ਦੀ ਥਾਂ ਕਿਸਾਨਾਂ ਦਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕਿਆ ਹੈ ਕਿ ਲੋਕ ਆਪਣੇ ਹੱਕਾਂ ਲਈ ਇਕਜੁੱਟ ਹੋਏ ਹਨ। ਦੱਸ ਦਈਏ ਕਿ ਕਿਸੇ ਵੇਲੇ ਕਿਸਾਨ ਯੂਨੀਅਨ ਦੇ ਝੰਡੇ ਚੁੱਕਣ ਤੋਂ ਪੰਜਾਬ ਦੇ ਨੌਜਵਾਨ ਸ਼ਰਮ ਮਹਿਸੂਸ ਕਰਦੇ ਸਨ। ਜੋ ਅੱਜ ਕਿਸਾਨੀ ਝੰਡਾ ਚੁੱਕਣ ’ਤੇ ਮਾਣ ਮਹਿਸੂਸ ਕਰ ਰਹੇ ਹਨ। ਇਸਦੇ ਨਾਲ ਹੀ ਕਿਸਾਨਾਂ ਤੋਂ ਇਲਾਵਾ ਹੋਰ ਵਰਗ ਵੀ ਕਿਸਾਨੀ ਝੰਡਿਆਂ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ।