ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ 2022 ਚੋਣਾਂ ਦਾ ਸਿਆਸੀ ਅਖਾੜਾ ਕੜਕਦੀ ਠੰਢ ਵਿੱਚ ਵੀ ਗਰਮਾਇਆ ਹੋਇਆ ਹੈ। ਚੋਣਾਂ ਸੰਬੰਧੀ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੱਖੋ ਵੱਖ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੁੱਦਿਆਂ ਦੀ ਥਾਂ ਸਿਆਸੀ ਲੀਡਰ ਨਿੱਜੀ ਦੂਸ਼ਣਬਾਜ਼ੀ ਅਤੇ ਮੁਫ਼ਤ ਦੇ ਲਾਲੀਪੋਪਾਂ ਸਹਾਰੇ ਚੋਣ ਮੈਦਾਨ ਵਿਚ ਨਿੱਤਰ ਰਹੇ ਹਨ।
ਜਦਕਿ ਅਸਲ ਮੁੱਦੇ ਚੋਣਾਂ ਵਿੱਚੋਂ ਗਾਇਬ ਹਨ। ਇਨ੍ਹਾਂ ਵਿੱਚੋਂ ਇੱਕ ਅਹਿਮ ਮੁੱਦਾ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ, ਉਹ ਧਰਤੀ ਹੇਠਲੇ ਪਾਣੀ ਦਾ ਮੁੱਦਾ। ਜੋ ਪੰਜਾਬ ਦੇ ਵਜੂਦ ਨਾਲ ਵਾਹ ਵਾਸਤਾ ਰੱਖਦਾ ਹੈ। ਪੰਜਾਬ ਦਾ ਨਾਂ ਵੀ ਪਾਣੀਆਂ ਦੇ ਨਾਮ 'ਤੇ ਹੀ ਰੱਖਿਆ ਗਿਆ ਹੈ। ਪੰਜ+ਆਬ ਭਾਵ ਪੰਜ ਦਰਿਆ। ਪਰ ਅੱਜ ਪਾਣੀਆਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਪਾਣੀ ਦੀ ਬੂੰਦ ਬੂੰਦ ਨੂੰ ਤਰਸਣ ਕਿਨਾਰੇ ਹੈ।
ਮੌਜੂਦਾ ਹਾਲਾਤਾਂ ਅਨੁਸਾਰ ਪੰਜਾਬ ਵਿੱਚ 100 ਤੋਂ ਵਧੇਰੇ ਬਲਾਕ ਪਾਣੀ ਦੇ ਪੱਖ ਤੋਂ ਡਾਰਕ ਜ਼ੋਨ ਵਿੱਚ ਹਨ। ਭਾਵ ਪਾਣੀ ਨੂੰ ਲੈ ਕੇ ਪੌਣੇ ਪੰਜਾਬ ਵਿੱਚ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ ਦਿਨ ਥੱਲੇ ਜਾ ਰਿਹਾ ਹੈ। ਹਰ ਵਰ੍ਹੇ ਕਿਸਾਨਾਂ ਨੂੰ ਖੇਤੀ ਲਈ ਵਰਤੇ ਜਾਂਦੇ, ਟਿਊਬਵੈੱਲਾਂ ਦੀਆਂ ਪਾਈਪਾਂ ਵਧਾਉਣੀਆਂ ਪੈ ਰਹੀਆਂ ਹਨ। ਕਿਸਾਨ ਪਾਣੀ ਲਈ ਮਜ਼ਬੂਰ ਕਰ ਰਹੀ ਹੈ। ਪਾਣੀ ਦੇ ਇਸ ਗੰਭੀਰ ਮਸਲੇ 'ਤੇ ਸਾਰੀਆਂ ਸਿਆਸੀ ਧਿਰਾਂ ਚੁੱਪ ਹਨ। ਇਸ ਮੁੱਦੇ ਨੂੰ ਉਸ ਢੰਗ ਨਾਲ ਨਹੀਂ ਵਿਖਾਇਆ ਜਾ ਰਿਹਾ, ਜਿਸ ਤਰੀਕੇ ਉਠਾਇਆ ਜਾਣਾ ਚਾਹੀਦਾ ਹੈ।
ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਜਾ ਰਿਹਾ ਹੈ
ਪੰਜਾਬ ਵਿੱਚ ਪਾਣੀ ਦੇ ਦਿਨੋਂ ਦਿਨ ਨੀਵੇਂ ਜਾਣ ਲਈ ਮਾਹਰ ਝੋਨੇ ਦੀ ਖੇਤੀ ਨੂੰ ਜ਼ਿੰਮੇਵਾਰ ਕਹਿੰਦੇ ਹਨ। ਹਰੀ ਕ੍ਰਾਂਤੀ ਦੇ ਦੌਰ ਦੌਰਾਨ ਪੰਜਾਬ ਵਿੱਚ ਝੋਨੇ ਦੀ ਖੇਤੀ ਲਿਆਂਦੀ ਗਈ, ਤਾਂ ਕਿ ਦੇਸ਼ ਵਿੱਚੋਂ ਭੁੱਖਮਰੀ ਤੇ ਅਨਾਜ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਪ੍ਰੰਤੂ ਇਸ ਖੇਤੀ ਨੇ ਪੰਜਾਬ ਦਾ ਪਾਣੀ ਚੂਸ ਲਿਆ। ਮੌਜੂਦਾ ਸਮੇਂ ਵੀ ਪੰਜਾਬ ਵਿਚ ਝੋਨੇ ਦੀ ਖੇਤੀ ਕਿਸਾਨਾਂ ਲਈ ਸਭ ਤੋਂ ਵੱਧ ਉਗਾਈ ਜਾਣ ਵਾਲੀ ਫ਼ਸਲ ਹੈ।
ਅੰਦਾਜ਼ੇ ਅਨੁਸਾਰ ਇੱਕ ਕਿੱਲੋ ਚੌਲ ਪੈਦਾ ਕਰਨ ਲਈ ਪੰਜ ਹਜ਼ਾਰ ਲੀਟਰ ਦੇ ਕਰੀਬ ਪਾਣੀ ਦੀ ਖਪਤ ਹੁੰਦੀ ਹੈ। ਜਿਸ ਕਰਕੇ ਹਰ ਵਰ੍ਹੇ ਝੋਨੇ ਦੀ ਖੇਤੀ 'ਤੇ ਹੀ ਸਭ ਤੋਂ ਵੱਧ ਪਾਣੀ ਧਰਤੀ ਥੱਲਿਓਂ ਕੱਢ ਕੇ ਵਰਤਿਆ ਜਾ ਰਿਹਾ ਹੈ। ਕੇਂਦਰ ਤੇ ਪੰਜਾਬ ਸਰਕਾਰ ਨੇ ਪਾਣੀ ਨੂੰ ਬਚਾਉਣ ਅਤੇ ਝੋਨੇ ਦੀ ਖੇਤੀ ਲਈ ਬਦਲ ਦੇ ਰੂਪ ਵਿੱਚ ਕੋਈ ਯਤਨ ਕੀਤਾ ਦਿਖਾਈ ਨਹੀਂ ਦਿੱਤਾ।
ਬੋਰ ਡੂੰਘੇ ਹੋਣ ਕਾਰਨ ਪਾਉਣੇ ਪੈਂਦੇ ਹਨ ਪਾਈਪ
ਕਿਸਾਨਾਂ ਨੇ ਦੱਸਿਆ ਕਿ ਕਿਸੇ ਸਮੇਂ ਪਾਣੀ 10 ਤੋਂ 15 ਫੁੱਟ 'ਤੇ ਮਿਲ ਜਾਂਦਾ ਸੀ ਅਤੇ ਬਲਦ ਜੋੜ ਕੇ ਹਲਟੀ ਨਾਲ ਪਾਣੀ ਧਰਤੀ ਤੋਂ ਕੱਢ ਕੇ ਖੇਤੀ ਲਈ ਵਰਤਿਆ ਜਾਂਦਾ ਸੀ। ਹੌਲੀ ਹੌਲੀ ਪਾਣੀ ਦਾ ਪੱਧਰ ਥੱਲੇ ਜਾਣ ਲੱਗਿਆ ਤੇ ਡੂੰਘੇ ਟੋਏ ਕਰਕੇ ਇੰਜਣ ਪਟੇ ਵਾਲਾ ਸਿਸਟਮ ਚਾਲੂ ਕਰਕੇ ਪਾਣੀ ਨਿਕਲਣ ਲੱਗਿਆ। ਇਹ ਹਾਲਾਤ ਮੱਛੀ ਮੋਟਰ ਸਬਮਰਸੀਬਲ ਮੋਟਰਾਂ ਤੱਕ ਪਹੁੰਚ ਗਏ।
ਹੁਣ ਹਰ ਸਾਲ ਪਾਣੀ ਦਾ ਪੱਧਰ 10 ਤੋਂ 20 ਫੁੱਟ ਥੱਲੇ ਜਾ ਰਿਹਾ ਹੈ। ਝੋਨੇ ਦੀ ਫਸਲ ਲਾਉਣ ਜਾਂ ਵੱਢਣ ਵੇਲੇ ਕਿਸਾਨਾਂ ਨੂੰ ਬੋਰ ਦੇ ਪਾਈਪਾਂ ਵਿਚ ਵਾਧਾ ਕਰਨਾ ਪੈਂਦਾ ਹੈ। ਇਸ ਨਾਲ ਜਿਥੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਥੇ ਕਿਸਾਨਾਂ ਨੂੰ ਹਰ ਸਾਲ 15 ਤੋਂ 20 ਹਜ਼ਾਰ ਖ਼ਰਚਾ ਵੀ ਝੱਲਣਾ ਪੈਂਦਾ ਹੈ। ਤੀਜੇ ਜਾਂ ਚੌਥੇ ਸਾਲ ਜਾ ਕੇ ਨਵੇਂ ਬੋਰ ਕਰਨੇ ਪੈ ਰਹੇ ਹਨ। ਪੰਜਾਬ ਦੇ ਮਾਲਵਾ ਖੇਤਰ ਵਿੱਚ ਪੰਜ 100 ਫੁੱਟ ਡੂੰਘੇ ਬੋਰ ਵੀ ਕੀਤੇ ਜਾਣ ਲੱਗੇ ਹਨ।
ਝੋਨੇ ਦੀ ਖੇਤੀ ਛੱਡਣ ਨੂੰ ਕਿਸਾਨ ਤਿਆਰ ਪਰ ਸਰਕਾਰ ਹੋਰਨਾਂ ਫ਼ਸਲਾਂ 'ਤੇ ਐੱਮਐੱਸਪੀ ਦੇਵੇ
ਪੰਜਾਬ ਦੇ ਕਿਸਾਨ ਭਲੀ ਭਾਂਤ ਜਾਣਦੇ ਹਨ ਕਿ ਝੋਨੇ ਦੀ ਖੇਤੀ ਨੇ ਹੀ ਪੰਜਾਬ ਦਾ ਪਾਣੀ ਡੂੰਘਾ ਕੀਤਾ ਹੈ, ਪ੍ਰੰਤੂ ਕਿਸਾਨਾਂ ਦਾ ਤਰਕ ਹੈ ਕਿ ਉਨ੍ਹਾਂ ਕੋਲ ਝੋਨੇ ਦੇ ਬਦਲਵੇਂ ਰੂਪ ਵਿੱਚ ਹੋਰ ਕਿਸੇ ਫ਼ਸਲ 'ਤੇ ਸਰਕਾਰ ਐੱਮਐੱਸਪੀ ਭਾਵ ਪੱਕਾ ਮੁੱਲ ਨਹੀਂ ਦਿੰਦੀ। ਜੇਕਰ ਸਰਕਾਰ ਗੰਨਾ, ਨਰਮਾ, ਮੱਕੀ ਵਰਗੀਆਂ ਫ਼ਸਲਾਂ ਦੇ ਦੇਣ ਐੱਮਐੱਸਪੀ ਲੱਗੇ ਤਾਂ ਉਹ ਝੋਨੇ ਦੀ ਖੇਤੀ ਕਰਨੀ ਬੰਦ ਕਰ ਦੇਣਗੇ।
ਨਹਿਰੀ ਪਾਣੀ ਨਾਂਮਾਤਰ
ਪੰਜਾਬ ਵਿੱਚ ਮੌਜੂਦਾ ਸਮੇਂ ਦੋ ਵੱਡੇ ਦਰਿਆ ਸਤਲੁਜ ਅਤੇ ਬਿਆਸ ਵਗਦੇ ਹਨ। ਇਨ੍ਹਾਂ ਦਰਿਆਵਾਂ ਤੋਂ ਅਨੇਕਾਂ ਨਹਿਰ ਅਤੇ ਵੱਡੇ ਰਜਵਾਹੇ ਨਿਕਲਦੇ ਹਨ। ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਖਾਲ ਅਤੇ ਕੱਸੀਆਂ ਵੀ ਬਣੀਆਂ ਹੋਈਆਂ ਹਨ, ਪ੍ਰੰਤੂ ਲਗਾਤਾਰ ਨਹਿਰੀ ਪਾਣੀ ਦੀ ਸੁਵਿਧਾ ਕਿਸਾਨਾਂ ਨੂੰ ਨਹੀਂ ਮਿਲ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਦੀ ਕਿਸਾਨ ਮੰਗ ਕਰਦੇ ਹਨ, ਪ੍ਰੰਤੂ ਨਾ ਤਾਂ ਕੋਈ ਵਿਭਾਗ ਇਸ ਵੱਲ ਧਿਆਨ ਦਿੰਦਾ ਹੈ, ਨਾ ਹੀ ਸਰਕਾਰਾਂ ਖੇਤਾਂ ਵਿਚਲੇ ਨਹਿਰੀ ਖਾਲ ਟੁੱਟੇ ਹੋਏ ਹਨ। ਰਜਬਾਹਿਆਂ ਵਿੱਚ ਵੀ ਪਾਣੀ ਨਹੀਂ ਛੱਡਿਆ ਜਾਂਦਾ। ਜੇਕਰ ਨਹਿਰੀ ਪਾਣੀ ਦੀ ਸੁਵਿਧਾ ਸਹੀ ਤਰੀਕੇ ਕਿਸਾਨਾਂ ਨੂੰ ਮਿਲਣ ਲੱਗ ਜਾਵੇ ਤਾਂ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਸਿੱਖ ਗੁਰੂ ਸਾਹਿਬਾਨਾਂ ਨੇ ਵੀ ਪਾਣੀ ਨੂੰ ਅਨਮੋਲ ਦੱਸਿਆ
ਪਾਣੀ ਦੀ ਹਰ ਜੀਵ ਖ਼ਾਸਕਰ ਮਨੁੱਖੀ ਜੀਵਨ ਦੀ ਜ਼ਰੂਰਤ ਅਹਿਮ ਹੈ। ਸਿੱਖ ਗੁਰੂ ਸਾਹਿਬਾਨਾਂ ਨੇ ਵੀ ਪਾਣੀ ਨੂੰ ਪਿਤਾ ਸਮਾਨ ਦਰਜਾ ਦਿੱਤਾ ਹੈ। ਗੁਰਬਾਣੀ ਦੇ ਕਥਨ "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ" ਦੇ ਅਨੁਸਾਰ ਪਾਣੀ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਪਾਣੀ ਦੇ ਆਸਰੇ ਹੀ ਸਾਰੀ ਪ੍ਰਕਿਰਤੀ ਦੀ ਕੰਮ ਸਦੀਵੀਂ ਚੱਲਦੇ ਰਹਿੰਦੇ ਹਨ। ਇਸੇ ਤਰ੍ਹਾਂ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ" ਰਾਹੀਂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਪਾਣੀ ਦੀ ਜ਼ਿੰਦਗੀ ਵਿਚ ਇੱਕ ਵੱਡੀ ਮਹੱਤਤਾ ਹੈ।
ਪਾਣੀ ਦਾ ਏਜੰਡਾ ਚੋਣਾਂ ਵਿੱਚ ਬਣਨਾ ਚਾਹੀਦਾ ਹੈ ਮੁੱਖ ਮੁੱਦਾ
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਫ਼ਤ ਦੇ ਲੋਲੀਪੋਪ ਨਹੀਂ ਚਾਹੀਦੇ। ਪੰਜਾਬ ਦੀ ਹੋਂਦ ਨਾਲ ਜੁੜੇ ਖਾਸ ਮੁੱਦੇ ਨੂੰ ਅੱਗੇ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਪਾਣੀ ਹੀ ਨਹੀਂ ਹੋਵੇਗਾ, ਪੰਜਾਬ ਦੀ ਕਹਾਣੀ ਖ਼ਤਮ ਹੋ ਜਾਵੇਗੀ। ਜੇਕਰ ਪੰਜਾਬ ਵਿੱਚ ਲੋਕ ਹੀ ਨਾ ਰਹੇ ਤਾਂ ਸਿਆਸੀ ਲੋਕ ਰਾਜ ਕਿਸ ਉੱਪਰ ਕਰਨਗੇ। ਇਸ ਕਰਕੇ ਪਾਣੀ ਨੂੰ ਬਚਾਉਣ ਲਈ ਖ਼ਾਸ ਕਦਮ ਚੁੱਕੇ ਜਾਣ ਦੀ ਲੋੜ ਹੈ।
ਇਹ ਵੀ ਪੜ੍ਹੋ:ਨਕੋਦਰ ਵਿਧਾਨ ਸਭਾ ਇਲਾਕੇ ਵਿੱਚ ਚੋਣ ਚਰਚਾ