ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਵਿੱਚ ਸ਼ੱਕੀ ਹਾਲਤ ਵਿੱਚ ਰਜਵਾਹੇ ਦੇ ਕਿਨਾਰੇ 26 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਭਰੇ ਦਾ ਦਾਅਵਾ ਹੈ ਕਿ ਉਸਦੀ ਮੌਤ ਚਿੱਟੇ ਦੇ ਟੀਕਾ ਧੌਣ ਵਿੱਚ ਲਗਾਉਣ ਨਾਲ ਹੋਈ ਹੈ। ਉਸਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸਨੂੰ ਚਿੱਟਾ ਦਿੱਤਾ ਸੀ, ਉਸਤੋਂ ਕੁੱਝ ਸਮਾਂ ਪਹਿਲਾਂ ਉਸਦੇ ਭਰਾ ਨੇ ਉਹਨਾਂ ਨਾਲ ਗੱਲ ਵੀ ਕੀਤੀ ਸੀ। ਉੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਪਰਿਵਾਰ ਵੱਲੋਂ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਿਕ ਭਦੌੜ ਦੇ ਵਾਰਡ ਨੰਬਰ 1 ਦੇ ਰਹਿਣ ਵਾਲੇ ਕਰਮ ਸਿੰਘ ਦੀ ਰਜਵਾਹੇ ਦੇ ਕੰਡੇ ਮੌਤ ਹੋਈ ਹੈ। ਉਸਦੇ ਭਰਾ ਧਰਮ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਭਰਾ ਦੀ ਲਾਸ਼ ਚੁੱਕੀ ਤਾਂ ਉਸਦੀ ਗਰਦਨ ਵਿੱਚ ਟੀਕਾ ਲੱਗਿਆ ਹੋਇਆ ਸੀ। ਉਸਦਾ ਭਰਾ ਕਬੱਡੀ ਦਾ ਖਿਡਾਰੀ ਸੀ। 2019 ਵਿੱਚ ਉਹ ਨਸ਼ੇ ਦੀ ਭੈੜੀ ਆਦਤ ਵਿੱਚ ਆ ਗਿਆ ਸੀ। ਕੁੱਝ ਦਿਨ ਪਹਿਲਾਂ ਵੀ ਉਹ ਇਸੇ ਤਰ੍ਹਾਂ ਨਾਲ ਬਾਥਰੂਮ ਵਿੱਚ ਬੇਹੋਸ਼ ਹੋ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਉਸਨੂੰ ਚਿੱਟਾ ਵੇਚਿਆ ਹੈ, ਉਨ੍ਹਾਂ ਨਾਲ ਉਸਦੇ ਭਰਾ ਨੇ ਕੁੱਝ ਸਮਾਂ ਪਹਿਲਾਂ ਗੱਲ ਕੀਤੀ ਸੀ। ਪਰਿਵਾਰ ਦਾ ਕਹਿਣਾ ਕਿ ਜੇਕਰ ਪੁਲਿਸ ਜਾਂਚ ਕਰੇ ਤਾਂ ਚਿੱਟਾ ਵੇਚਣ ਵਾਲਿਆਂ ਦਾ ਪਤਾ ਚੱਲ ਸਕਦਾ ਹੈ। ਜਿਸਦੇ ਨਾਲ ਹੋਰ ਲੋਕਾਂ ਦੀ ਜਾਨ ਬੱਚ ਸਕਦੀ ਹੈ। ਉਨ੍ਹਾਂ ਨੇ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੂੰ ਸੂਚਨਾ ਦੇਣ ਤੋਂ ਪਹਿਲਾਂ ਹੀ ਪਰਿਵਾਰ ਨੇ ਮ੍ਰਿਤਕ ਦਾ ਕੀਤਾ ਸਸਕਾਰ
ਐੱਸ.ਐੱਚ.ਓ ਭਦੌੜ ਮੁਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਚਿੱਟੇ ਨਾਲ ਕਿਸੇ ਨੌਜਵਾਨ ਦੇ ਮਰਨ ਦੀ ਕੋਈ ਵੀ ਸੂਚਨਾ ਨਹੀਂ ਹੈ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਦੇਰ ਸ਼ਾਮ ਪਤਾ ਚਲਿਆ ਹੈ ਕਿ ਅਜਿਹੀ ਕੋਈ ਘਟਨਾ ਹੋਈ ਹੈ। ਮ੍ਰਿਤਕ ਦਾ ਸਸਕਾਰ ਪੋਸਟਮਾਰਟਮ ਅਤੇ ਪੁਲਿਸ ਕਾਰਵਾਈ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦੇ ਕਾਨੂੰਨੀ ਤੌਰ ਉੱਤੇ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਮੋਬਾਇਲ ਉੱਤੇ ਮ੍ਰਿਤਕ ਦੀ ਦੋਸ਼ੀਆਂ ਨਾਲ ਗੱਲ ਹੋਈ ਹੈ ਤਾਂ ਉਨ੍ਹਾਂ ਨੂੰ ਟਰੇਸ ਕੀਤਾ ਜਾ ਸਕਦਾ ਹੈ ਅਤੇ ਪੁੱਛਗਿਛ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:'ਆਪ' ਵਰਕਰਾਂ ਨੇ ਕੱਚੇ ਅਧਿਆਪਕਾਂ ਨਾਲ ਮਿਲ ਘੇਰੀ ਸਿੱਖਿਆ ਮੰਤਰੀ ਦੀ ਕੋਠੀ