ਬਰਨਾਲਾ: ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਤਕਰੀਬਨ ਡੇਢ ਮਹੀਨੇ ਦਾ ਸਮਾਂ ਹੋ ਚੱਲਿਆ ਹੈ। ਜੇਕਰ ਗੱਲ ਕਰੀਏ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੀ ਤਾਂ ਇੰਨ੍ਹਾਂ ਦੋ ਮੁੱਦਿਆਂ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਵੱਡਾ ਬਹੁਮਤ ਪ੍ਰਾਪਤ ਕੀਤਾ ਪਰ ਅਪ੍ਰੈਲ ਵਿਚ ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਦੀਆਂ ਦਾਖਲੇ ਸ਼ੁਹੂ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਪਰਨਾਲਾ ਉੱਥੇ ਦਾ ਉੱਥੇ ਹੀ ਜਾਪ ਰਿਹਾ ਹੈ।
ਕਿਵੇਂ ਚੱਲ ਰਹੀ ਹੈ ਬੱਚਿਆਂ ਦੀ ਪੜ੍ਹਾਈ ?: ਇੱਥੇ ਭਦੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਜੇਕਰ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 46 ਵਿੱਚੋਂ ਸਿਰਫ਼ 24 ਅਧਿਆਪਕ ਹੀ ਬੱਚਿਆਂ ਦੀ ਪੜ੍ਹਾਈ ਦਾ ਡੰਗ ਟਪਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦਾ ਵਾਧੂ ਚਾਰਜ ਅਧਿਆਪਕ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਲੰਬੇ ਸਮੇਂ ਤੋਂ ਅੱਧ ਤੋਂ ਵੀ ਘੱਟ ਸਟਾਫ ਹੈ ਜਿਸ ਨਾਲ ਉਹ ਬੜੀ ਹੀ ਮੁਸ਼ਕਲ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਬਰਕਰਾਰ ਰੱਖ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਉਣ ਵਿੱਚ ਇੰਨੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਬਾਇਓਲੋਜੀ ਸਿਲੇਬਸ ਦੇ ਬੱਚੇ ਲੜਕੀਆਂ ਵਾਲੇ ਸਕੂਲ ਵਿੱਚ ਜਾ ਕੇ ਲੈਕਚਰਾਰਾਂ ਕੋਲੋਂ ਕਲਾਸਾਂ ਲਗਵਾ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਕੋਲ ਤਕਰੀਬਨ 1,000 ਬੱਚੇ ਸਨ ਪਰ ਇਸ ਸਾਲ ਅਜੇ ਤੱਕ ਉਨ੍ਹਾਂ ਕੋਲ ਸਿਰਫ਼ 750 ਬੱਚਿਆਂ ਦਾ ਦਾਖਲਾ ਹੋਇਆ ਹੈ।
ਮਾਨ ਸਰਕਾਰ 'ਤੇ ਉਮੀਦ ਬਰਕਰਾਰ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਿੱਖਿਆ ਨੀਤੀਆਂ ਵਿਚ ਸੁਧਾਰ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਅਧਿਆਪਕਾਂ ਨੂੰ ਉਮੀਦ ਹੈ ਕਿ ਭਗਵੰਤ ਮਾਨ ਅਤੇ ਮੀਤ ਹੇਅਰ ਦੀ ਅਗਵਾਈ ਵਿੱਚ ਸਕੂਲ ਬਹੁਤ ਅੱਗੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਤਾਰੀਫ਼ ਕਰਕੇ ਪੰਜਾਬ ਵਿੱਚ ਵੀ ਅਜਿਹੇ ਸਕੂਲ ਖੋਲ੍ਹਣ ਦੇ ਬਿਆਨ ਦਿੱਤੇ ਹਨ ਉਸ ਤੋਂ ਸਪਸ਼ਟ ਜਾਪਦਾ ਹੈ ਪੰਜਾਬ ਵੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਗੇ ਵਧਣ ਵਾਲਾ ਹੈ।
ਕੁੱਲ ਕਿੰਨੀਆਂ ਪੋਸਟਾਂ ’ਚੋਂ ਕਿੰਨੀਆਂ ਨੇ ਖਾਲੀ
ਪੋਸਟ ਨਾਮ | ਕੁੱਲ ਪੋਸਟਾਂ | ਭਰੀਆਂ ਪੋਸਟਾਂ | ਖਾਲੀ ਪੋਸਟਾਂ |
ਲੈਕਚਰਾਰ | 12 | 4 | 8 |
ਮਾਸਟਰ ਕੇਡਰ | 22 | 13 | 9 |
ਐੱਸਐੱਲਏ | 4 | 2 | 2 |
ਕਲਾਸ ਫੋਰ | 2 | 2 | |
ਚੌਕੀਦਾਰ | 1 | 1 | |
ਸੁਰੱਖਿਆ ਮੁਲਾਜ਼ਮ | 2 | 2 | |
ਕੰਪਿਊਟਰ | 4 | 4 |
ਜੇਕਰ ਹੁਣ ਸਕੂਲਾਂ ਦੇ ਪ੍ਰਬੰਧ ਅਤੇ ਚੱਲ ਰਹੀ ਪੜ੍ਹਾਈ ਨੂੰ ਦੇਖਿਆ ਜਾਵੇ ਤਾਂ ਫਿਲਹਾਲ ਪਿਛਲੀਆਂ ਸਰਕਾਰਾਂ ਵਾਂਗ ਹੀ ਸਕੂਲਾਂ ਦਾ ਬੁਰਾ ਹਾਲ ਹੈ। ਦੇਖਣਾ ਹੋਵੇਗਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਦਾ ਮਿਆਰ ਕਿੰਨਾ ਕੁ ਉੱਚਾ ਚੁੱਕਣ ਵਿੱਚ ਸਫ਼ਲ ਹੁੰਦੀ ਹੈ ਜਾਂ ਫਿਰ ਪਹਿਲੀਆਂ ਸਰਕਾਰਾਂ ਵਾਂਗ ਸਿੱਖਿਆ ਅਤੇ ਸਿਹਤ ਦੇ ਮੁੱਦੇ ਨੂੰ ਅਣਗੌਲਿਆਂ ਕਰਕੇ ਪਿੱਛੇ ਸੁੱਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: 12ਵੀਂ ਜਮਾਤ ਲਈ ਵਿਵਾਦਤ ਕਿਤਾਬਾਂ ਦੀ ਵਰਤੋ ’ਤੇ ਰੋਕ, ਲੇਖਕਾਂ ਤੇ ਪਬਲਿਸ਼ਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ