ਬਰਨਾਲਾ: ਪਿੰਡ ਮਹਿਲ ਕਲਾਂ ਦੀ ਰਹਿਣ ਵਾਲੀ ਕੋਰੋਨਾ ਪੀੜਤ ਮਹਿਲਾ ਦੀ ਬੀਤੇ ਦਿਨੀਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮਹਿਲ ਕਲਾਂ ਦੀ 52 ਸਾਲਾ ਔਰਤ ਪਿਛਲੇ 6-7 ਦਿਨਾਂ ਤੋਂ ਤੇਜ਼ ਬੁਖ਼ਾਰ ਅਤੇ ਸਾਹ ਦੀ ਸਮੱਸਿਆ ਤੋਂ ਪੀੜਤ ਸੀ ਜਿਸ ਨੂੰ ਲੁਧਿਆਣਾ ਦੇ ਫ਼ੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਸੀ।
ਇਸਤੋਂ ਬਾਅਦ ਉਸਦੀ ਲੁਧਿਆਣਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਸੈਂਪਲਿੰਗ ਕੀਤੀ ਗਈ ਅਤੇ ਲਾਸ਼ ਹਸਪਤਾਲ ਵਿੱਚ ਹੀ ਰੱਖ ਲਈ ਗਈ ਸੀ ਜਿਸ ਦੀ ਅੱਜ ਕੋਰੋਨਾ ਪੌਜ਼ੀਟਿਵ ਰਿਪੋਰਟ ਆਈ ਹੈ।
ਇਸ ਮਾਮਲੇ 'ਤੇ ਬਰਨਾਲਾ ਦੇ ਸਿਵਲ ਸਰਜਨ ਡਾ.ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਔਰਤ ਦੀ ਮੌਤ ਸਾਹ ਅਤੇ ਹੋਰ ਬਿਮਾਰੀ ਕਾਰਨ ਹੋਈ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਕਮਰੇ 'ਚ ਰੱਖਿਆ ਗਿਆ ਸੀ ਅਤੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ ਅਤੇ ਅੱਜ ਮ੍ਰਿਤਕ ਔਰਤ ਕੋਰੋਨਾ ਵਾਇਰਸ ਪੀੜਤ ਪਾਈ ਗਈ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਦੀ ਮਹਿਲ ਕਲਾਂ ਵਿਚ ਜਿੱਥੇ ਰਹਿੰਦੀ ਸੀ ਉਹ ਸਾਰੀ ਥਾਂ ਸੀਲ ਕਰ ਦਿੱਤੀ ਗਈ ਹੈ ਅਤੇ ਔਰਤ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰਨਾਲਾ ਸ਼ਹਿਰ ਦੇ ਸੇਖਾ ਰੋਡ 'ਤੇ ਇੱਕ ਔਰਤ ਕੋਰੋਨਾ ਪੌਜ਼ੀਟਿਵ ਆ ਚੁੱਕੀ ਹੈ।