ਅੰਮ੍ਰਿਤਸਰ: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਸਿੰਘ ਚੌਟਾਲਾ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਨ੍ਹਾਂ ਵੱਲੋਂ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਉੱਪਰ ਪਾਠ ਪ੍ਰਕਾਸ਼ ਕਰਵਾਏ ਗਏ ਸਨ ਜਿਸ ਦਾ ਭੋਗ ਅੱਜ ਪਾਇਆ ਗਿਆ।
ਭੋਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਸ਼ਯੰਤ ਸਿੰਘ ਚੌਟਾਲਾ ਨੇ ਕਿਹਾ ਕਿ ਉਹ ਪਰਿਵਾਰ ਸਮੇਤ ਪਰਮਾਤਮਾ ਦੇ ਘਰ ਅਰਦਾਸ ਕਰਨ ਆਏ ਹਨ। ਇਸ ਮਹਾਂਮਾਰੀ ਨਾਲ ਲੜਨ ਲਈ ਸਭ ਨੂੰ ਸ਼ਕਤੀ ਮਿਲੇ ਅਤੇ ਪੂਰੀ ਦੁਨੀਆਂ ਨੂੰ ਇਸ ਬੀਮਾਰੀ ਤੋਂ ਨਿਜਾਤ ਮਿਲੇ।
ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਗੁਰੂ ਘਰ ਆਉਂਦੇ ਹਨ ਤਾਂ ਇੱਕ ਹੀ ਵਿਸ਼ਵਾਸ ਮਨ ਵਿੱਚ ਹੁੰਦਾ ਹੈ ਕਿ ਦੇਸ਼ ਦੀ ਤਰੱਕੀ ਹੋਵੇ ਤੇ ਹਰ ਪਾਸੇ ਖੁਸ਼ੀਆਂ ਹੋਣ। ਜੋ ਆਪਸੀ ਤਣਾਅ ਘਰਾਂ ਵਿੱਚ ਪੈਦਾ ਹੋ ਰਿਹਾ ਹੈ, ਪਰਮਾਤਮਾ ਉਸ ਨੂੰ ਘਟਾ ਕੇ ਖੁਸ਼ੀਆਂ ਖੇੜੇ ਲਿਆਵੇ ।
ਪੰਜਾਬ ਅਤੇ ਹਰਿਆਣਾ ਦੇ ਪਾਣੀ ਦੀ ਵੰਡ ਦੇ ਮਸਲੇ ਬਾਰੇ ਦੁਸ਼ਯੰਤ ਸਿੰਘ ਚੌਟਾਲਾ ਨੇ ਕਿਹਾ ਕਿ ਇਹ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਅਦਾਲਤ ਨੇ ਦੋ ਸਾਲ ਜੋ ਫ਼ੈਸਲਾ ਦਿੱਤਾ, ਉਸ ਨੂੰ ਲਾਗੂ ਕਰਨ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜੋ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਹੈ ਉਸ ਨੂੰ ਸਾਡੇ ਸਾਧਨਾਂ ਨਾਲ ਜੋੜ ਕੇ ਜ਼ਰੂਰਤ ਮੁਤਾਬਕ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਾਣੀ ਪਾਕਿਸਤਾਨ ਵਿੱਚ ਜੋ ਨੁਕਸਾਨ ਕਰਦਾ ਹੈ ਉਸ ਦੀ ਭਾਰਪਾਈ ਭਾਰਤ ਨੂੰ ਕਰਨੀ ਪੈਂਦੀ ਹੈ, ਮੁਆਵਜ਼ਾ ਦੇਣਾ ਪੈਂਦਾ ਹੈ। ਇਸ ਲਈ ਸਾਰੇ ਰਾਜਾਂ ਨੂੰ ਪਾਣੀ ਦੀ ਸਾਂਝੇ ਰੂਪ ਵਿੱਚ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ।
ਪੰਜਾਬ ਵਾਂਗ ਹਰਿਆਣਾ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲਿਆਂ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਤਾਲਾਬੰਦੀ ਵਿੱਚ ਕਈ ਕੇਸ ਆਏ ਸਨ ਕਿਉਂਕਿ ਲਗਾਤਾਰ ਚੈਕਿੰਗ ਹੋ ਰਹੀ ਹੈ ਤੇ ਹੁਣ ਤੱਕ 1250 ਤੋਂ ਜ਼ਿਆਦਾ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਅਜੇ ਵੀ ਪੂਰੀ ਸਖਤਾਈ ਨਾਲ ਚੈਕਿੰਗ ਹੋ ਰਹੀ ਹੈ। ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।