ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵੱਲੋਂ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਜਿਹੜੇ ਆਪਣੀ ਸਜ਼ਾ ਪੂਰੀ ਕਰਕੇ ਮੰਗਲਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਇਕ ਲੜਕਾ ਗਲਤੀ ਨਾਲ ਅਤੇ ਦੂਜੇ ਕੁੜੀ ਪਿੱਛੇ ਪਾਕਿਸਤਾਨ ਚਲੇ ਗਏ ਸੀ। ਉੱਥੋਂ ਦੀ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਆਪਣੇ ਵਤਨ ਭਾਰਤ ਪੁੱਜੇ ਹਨ।
ਇਕ ਨੌਜਵਾਨ ਮੱਧ ਪ੍ਰਦੇਸ਼ ਦਾ ਰਹਿਣਾ ਵਾਲਾ : ਇਸ ਮੌਕੇ ਗੱਲਬਾਤ ਕਰਦੇ ਅਟਾਰੀ ਵਾਹਗਾ ਸਰਹੱਦ ਦੇ ਪ੍ਰੋਟੋਕਾਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਦੋ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ, ਜਿਹੜੇ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਪਾਕਿਸਤਾਨ ਸਰਕਾਰ ਨੇ ਰਿਹਾਅ ਕਰਕੇ ਅਟਾਰੀ ਵਾਹਗਾ ਸਰਹੱਦ ਰਾਹੀਂ ਉਨ੍ਹਾਂ ਨੂੰ ਭਾਰਤ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਮ ਰਾਜੂ, ਜੋ ਕਿ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਹ ਪਾਕਿਸਤਾਨ ਸਰਕਾਰ ਵੱਲੋਂ ਦਿੱਤੀ 5 ਤੋਂ 6 ਸਾਲ ਦੀ ਸਜ਼ਾ ਪੂਰੀ ਕਰ ਕੇ ਆਇਆ ਹੈ।
ਰਿਹਾਅ ਹੋਇਆ ਦੂਜਾ ਨੌਜਵਾਨ ਰਾਜਸਥਾਨ ਤੋਂ : ਅਰੁਣ ਮਾਹਲ ਨੇ ਦੱਸਿਆ ਕਿ ਦੂਜੇ ਦਾ ਨਾਮ ਗੇਮਰਾਰਾਮ ਹੈ, ਜੋ ਕਿ ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜੋ 27 ਮਹੀਨੇ ਦੀ ਸਜ਼ਾ ਪੂਰੀ ਕਰਕੇ ਅੱਜ ਆਪਣੇ ਵਤਨ ਭਾਰਤ ਪੁੱਜਾ ਹੈ। ਪ੍ਰੋਟੋਕਾਲ ਅਧਿਕਾਰੀ ਨੇ ਦੱਸਿਆ ਕਿ ਗੇਮਰਾਰਾਮ ਦਾ ਕਹਿਣਾ ਹੈ ਕਿ ਇਹ ਗ਼ਲਤੀ ਨਾਲ ਤਾਰ ਪਾਰ ਕਰਕੇ ਕੁੜੀ ਪਿੱਛੇ ਪਾਕਿਸਤਾਨ ਚਲਾ ਗਿਆ ਸੀ। ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਹੋ ਕੇ ਆਪਣੇ ਵਤਨ ਵਾਪਿਸ ਪੁੱਜਾ ਹੈ।
ਅੱਜ ਪਰਿਵਾਰ ਹਵਾਲੇ ਕੀਤੇ ਜਾਣਗੇ ਨੌਜਵਾਨ : ਅਰੁਣ ਮਾਹਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਉੱਤੇ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਰੈਡ ਕਰਾਸ ਭਵਨ ਵਿੱਚ ਇਨ੍ਹਾਂ ਨੂੰ ਰੱਖਿਆ ਗਿਆ। ਅੱਜ ਬੁੱਧਵਾਰ ਨੂੰ ਇਨ੍ਹਾਂ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਪਹੁੰਚ ਜਾਣਗੇ ਅਤੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇਗਾ।
ਗੇਮਰਾਰਾਮ ਕੁੜੀ ਪਿੱਛੇ ਕਰ ਗਿਆ ਸਰਹੱਦ ਪਾਰ : ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਾਨ ਤੋਂ ਰਿਹਾ ਹੋਕੇ ਭਾਰਤੀ ਕੈਦੀਆਂ ਵਿਚੋਂ ਰਾਜਸਥਾਨ ਵਾਸੀ ਗੇਮਰਾਰਾਮ ਨੇ ਕਿਹਾ ਕਿ ਉਸ ਦਾ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਤੇ ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈਕੇ ਅਨਬਨ ਹੋ ਗਈ ਤੇ ਉਸ ਗੁੱਸੇ ਵਿੱਚ ਭਾਰਤ ਦੀ ਸਰਹੱਦ ਪਾਰ ਕਰ ਪਾਕਿਸਤਾਨ ਚਲਾ ਗਿਆ ਤੇ ਉਸ ਨੂੰ ਕਰਾਚੀ ਦੀ ਪੁਲਿਸ ਵੱਲੋਂ ਕਰਾਚੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਸ ਨੂੰ 27 ਮਹੀਨਿਆਂ ਦੀ ਸਜ਼ਾ ਹੋਈ। ਆਪਣੀ ਸਜ਼ਾ ਪੂਰੀ ਕਰਕੇ ਹੁਣ ਆਪਣੇ ਵਤਨ ਵਾਪਿਸ ਪੁੱਜਾ ਤੇ ਬਹੁਤ ਖੁਸ਼ ਹਾਂ ਕਿ ਹੁਣ ਪਰਿਵਾਰ ਵਿੱਚ ਜਾਵਾਂਗਾ।
ਕਰਾਚੀ ਜੇਲ੍ਹ ਵਿੱਚ 700 ਦੇ ਕਰੀਬ ਭਾਰਤੀ ਕੈਦ : ਗੇਮਰਾਰਾਮ ਨੇ ਦੱਸਿਆ ਕਿ ਪਾਕਿਸਤਾਨ ਦੀ ਕਰਾਚੀ ਜੇਲ੍ਹ ਵਿੱਚ ਕਰੀਬ 700 ਭਾਰਤੀ ਲੋਕ ਕੈਦ ਹਨ। ਉਸ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾਵੇ। ਉਸ ਨੇ ਕਿਹਾ ਕਿ ਮੇਰੀ ਉਮਰ 21 ਸਾਲ ਦੇ ਕਰੀਬ ਹੈ। ਮੈਂ ਸਹੀ ਸਲਾਮਤ ਆਪਣੇ ਵਤਨ ਵਾਪਿਸ ਪੁੱਜਾ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਮਿਲਾਂਗਾ। ਦੂਜੇ ਭਾਰਤੀ ਵਿਅਕਤੀ ਰਾਜੂ ਨੇ ਦੱਸਿਆ ਕਿ ਉਹ ਗ਼ਲਤੀ ਨਾਲ ਤਾਰ ਪਾਰ ਕਰਕੇ ਚਲਾ ਗਿਆ ਸੀ ਤੇ ਉਸ ਨੂੰ 5 ਤੋਂ 6 ਸਾਲ ਦੀ ਸਜ਼ਾ ਹੋਈ। ਸਜ਼ਾ ਪੂਰੀ ਕਰਕੇ ਹੁਣ ਉਸ ਨੇ ਆਪਣੇ ਵਤਨ ਵਾਪਸੀ ਕੀਤੀ ਹੈ।