ਅੰਮ੍ਰਿਤਸਰ: ਜ਼ਿਲ੍ਹੇ ‘ਚ ਜੋੜਾ ਫਾਟਕ ਦੇ ਨਜਦੀਕ ਇੱਕ ਲੜਕੀ ਅਤੇ ਇੱਕ ਸ਼ਖ਼ਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਨੂੰ ਲੈਕੇ ਆਲੇ-ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਇਹ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਇਸ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦਿਆਂ ਦੱਸਿਆ ਕਿ ਮੁੱਢਲੀ ਜਾਣਕਾਰੀ ਦੇ ਅਨੁਸਾਰ ਇਹ ਲੱਗਦਾ ਹੈ ਕਿ ਉਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕਾ ਦੀ ਅਜੇ ਤੱਕ ਕੋਈ ਸਨਾਖਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਜਿਸ ਲੜਕੀ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਉਸ ਦੇ ਹੱਥ ਵਿੱਚ ਲਾਲ ਵਿਆਹ ਵਾਲਾ ਚੂੜਾ ਪਾਇਆ ਦਿਖਾਈ ਦਿੱਤਾ ਹੈ। ਇਸ ਨੂੰ ਵੇਖ ਕਿਹਾ ਜਾ ਰਿਹਾ ਹੈ ਮ੍ਰਿਤਕ ਦਾ ਥੋੜ੍ਹਾ ਸਮਾਂ ਪਹਿਲਾਂ ਵਿਆਹ ਹੋਇਆ ਹੋ ਸਕਦਾ ਹੈ। ਇਸਦੇ ਚੱਲਦੇ ਪੁਲਿਸ ਵੱਲੋਂ ਸਾਰੇ ਹੀ ਪੱਖਾਂ ਤੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਇੱਕ ਹੋਰ ਥਾਂ ਤੋਂ ਇੱਕ ਸ਼ਖ਼ਸ ਦੀ ਲਾਸ਼ ਵੀ ਪੁਲਿਸ ਵੱਲੋਂ ਰੇਲਵੇ ਟਰੈਕ ਨੇੜਿਓ ਝਾੜੀਆਂ ਦੇ ਵਿੱਚੋਂ ਬਰਾਮਦ ਕੀਤੀ ਹੈ। ਪੁਲਿਸ ਨੇ ਘਟਨਾ ਸਥਾਨ ਉੱਪਰ ਪਹੁੰਚ ਕੇ ਸ਼ਖ਼ਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।