ਅੰਮ੍ਰਿਤਸਰ: ਬੀਤੇ ਦਿਨ੍ਹੀ ਅਜਨਾਲ਼ਾ (Ajnala) ਦੇ ਕਸਬਾ ਰਮਦਾਸ 'ਚ ਮਹਿਲਾ ਕੌਂਸਲਰ ਨਿਰਮਲ ਕੌਰ ਦੇ ਪਤੀ ਬੂਟਾ ਰਾਮ ਦੀ ਕਰਿਆਨੇ ਦੀ ਦੁਕਾਨ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈ ਗੋਲੀ ਦੇ ਮਾਮਲੇ ਨੂੰ ਪੁਲਿਸ ਵੱਲੋਂ ਕੁੱਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ। ਇਸ ਸਬੰਧੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਰਮਦਾਸ 'ਚ ਮਾਮਲਾ ਦਰਜ ਕਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਵਾਰਦਾਤ ਵਿਚ ਦੁਕਾਨ ਦੇ ਅੰਦਰ ਬੈਠਾ ਬੂਟਾ ਰਾਮ ਵਾਲ-ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀਆਂ ਸਮੇਤ ਵਾਰਦਾਤ ਵਾਲੀ ਥਾਂ ਦੀ ਜਾਂਚ ਕੀਤੀ। ਜਿਸ ਦੌਰਾਨ ਸਾਹਮਣੇ ਆਇਆ ਕਿ ਇਹ ਗੋਲੀ ਬੂਟਾ ਰਾਮ ਦੀ ਦੁਕਾਨ ਦੇ ਸਾਹਮਣੇ ਸਬਜ਼ੀ ਵਾਲੀ ਦੁਕਾਨ ਦੇ ਮਾਲਕ ਆਕਾਸ਼ਦੀਪ ਸਿੰਘ ਅਤੇ ਸੁਖਰਾਜ ਸਿੰਘ ਨੇ ਚਲਾਈ ਸੀ।
ਆਕਾਸ਼ਦੀਪ ਅਤੇ ਸੁਖਰਾਜ ਸਿੰਘ ਦੋਵੇਂ ਦੋਸਤ ਹਨ ਉਨ੍ਹਾਂ ਦੋਵਾਂ ਨੇ ਆਪਣੇ ਇੱਕ ਹੋਰ ਦੋਸਤ ਰਾਜਬੀਰ ਸਿੰਘ ਦਾ ਪਿਸਟਲ ਲੈ ਕੇ ਬੂਟਾ ਰਾਮ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਤੇ ਗੋਲੀ ਚਲਾਈ ਸੀ।
ਜਿਸ ਤੋਂ ਬਾਅਦ ਇਹ ਤਿੰਨੇ ਵਰਨਾ ਕਾਰ ਰਾਹੀਂ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾਂ ਸਥਾਨ ਤੋਂ ਸਟੀਲ ਦਾ ਬਰਤਨ ਅਤੇ ਚੱਲੀ ਹੋਈ ਗੋਲੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਡੀ.ਐੱਸ.ਪੀ ਵਿੱਪਨ ਕੁਮਾਰ (DSP Ajnala Vipin Kumar) ਨੇ ਅੱਗੇ ਦੱਸਿਆ ਕਿ ਇਨ੍ਹਾਂ ਤਿੰਨ੍ਹਾਂ ਨੌਜਵਾਨਾਂ ਖ਼ਿਲਾਫ਼ ਥਾਣਾ ਰਮਦਾਸ ਵਿਖੇ ਮੁਕੱਦਮਾ ਦਰਜ਼ ਕਰਕੇ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਅਤੇ ਸੁਖਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਰਾਜਬੀਰ ਸਿੰਘ ਉਰਫ਼ ਰਾਜੂ ਸੱਫੇਵਾਲੀਆ ਫ਼ਰਾਰ ਹੈ 'ਤੇ ਉਸਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਏਗਾ।
ਇਹ ਵੀ ਪੜ੍ਹੋ: ਤਰਨ ਤਾਰਨ ਪੁਲਿਸ ਨੇ 15 ਕਿਲੋ ਅਫੀਮ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ