ਅੰਮ੍ਰਿਤਸਰ: 34ਵੇ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਨੂੰ ਸਮਰਪਿਤ ਏਡੀਜੀਪੀ ਟ੍ਰੈਫਿਕ ਪੰਜਾਬ ਏ.ਐਸ.ਰਾਏ ਆਈਪੀਐਸ ਅਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਏ.ਐਸ.ਆਈ ਇੰਦਰਮੋਹਨ ਸਿੰਘ ਅਤੇ ਹੌਲਦਾਰ ਮੇਜਰ ਸਿੰਘ ਨੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਉੱਤੇ ਸਥਿਤ ਹਾਈਟੈਕ ਪੁਲਿਸ ਨਾਕਾ ਬਿਆਸ ਨਜ਼ਦੀਕੀ ਪੈਟਰੋਲ ਪੰਪਾਂ ਅਤੇ ਬਜ਼ਾਰਾਂ ਵਿੱਚ ਜਾ ਕੇ ਵੱਖ-ਵੱਖ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ।
ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ:- ਇਸ ਦੌਰਾਨ ਹੀ ਜਾਣਕਾਰੀ ਦਿੰਦਿਆਂ ਇੰਚਾਰਜ ਏਐਸਆਈ ਇੰਦਰਮੋਹਨ ਸਿੰਘ ਨੇ ਕਿਹਾ ਕਿ 34 ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ 11 ਜਨਵਰੀ ਤੋਂ 17 ਜਨਵਰੀ ਤੱਕ ਚੱਲ ਰਿਹਾ ਹੈ। ਜਿਸ ਦੇ ਤਹਿਤ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦਿਆਂ ਸੀਟ ਬੈਲਟ ਲਗਾਉਣ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਨਾ ਕਰਨ 2 ਪਹੀਆ ਵਾਹਨ ਚਾਲਕਾਂ ਲਈ ਹੈਲਮੇਟ ਪਹਿਨਣ ਆਦਿ ਬਾਰੇ ਕਿਹਾ ਗਿਆ ਹੈ।
ਵਾਹਨ ਚਲਾ ਰਹੇ ਚਾਲਕਾਂ ਦੀ ਪੁਲਿਸ ਟੀਮ ਵੱਲੋਂ ਪ੍ਰਸ਼ੰਸਾ:- ਉਹਨਾਂ ਦੱਸਿਆ ਕਿ ਉਕਤ ਮੁਹਿੰਮ ਤਹਿਤ ਵੱਖ ਵੱਖ ਜਗ੍ਹਾ ਉੱਤੇ 120 ਦੇ ਕਰੀਬ ਬਿਨ੍ਹਾਂ ਰਿਫਲੈਕਟਰ ਵਾਹਨਾਂ ਉੱਤੇ ਰਿਫਲੈਕਟਰ ਲਗਾਏ ਹਨ ਅਤੇ ਜਾਗਰੂਕਤਾ ਇਸ਼ਤਿਹਾਰ ਵੰਡੇ ਗਏ ਹਨ। ਇਸ ਤੋਂ ਇਲਾਵਾ ਜਾਗਰੂਕਤਾ ਮੁਹਿੰਮ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਅਤੇ ਸੀਟ ਬੈਲਟ ਲਗਾ ਕੇ ਵਾਹਨ ਚਲਾ ਰਹੇ ਚਾਲਕਾਂ ਦੀ ਪੁਲਿਸ ਟੀਮ ਵੱਲੋਂ ਪ੍ਰਸ਼ੰਸਾ ਕੀਤੀ ਗਈ।
ਵਿਸ਼ੇਸ਼ ਮੁਹਿੰਮ ਸ਼ਲਾਘਾਯੋਗ ਕਦਮ:-ਇਸ ਦੌਰਾਨ ਹੀ ਗੱਲਬਾਤ ਦੌਰਾਨ ਡਾ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੀ ਇਹ ਵਿਸ਼ੇਸ਼ ਮੁਹਿੰਮ ਸ਼ਲਾਘਾਯੋਗ ਕਦਮ ਹੈ। ਇਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਇੰਦਰਮੋਹਨ ਸਿੰਘ ਵੱਲੋਂ ਬੜੀ ਤਫ਼ਸੀਲ ਨਾਲ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸੜਕ ਉੱਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਇਹ ਵੀ ਪੜੋ:- ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਪੰਜਾਬ ਸਰਕਾਰ ਨੇ ਸ਼ਰਾਬ ਫੈਕਟਰੀ ਬੰਦ ਕਰਨ ਦੇ ਦਿੱਤੇ ਹੁਕਮ