ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਅਧੀਨ ਪੈਂਦੇ ਮਾਨਾਵਾਲਾ ਟੋਲ ਪਲਾਜ਼ਾ ਤੋਂ ਬਦਮਾਸ਼ਾਂ ਵੱਲੋਂ ਕਾਰ ਖੋਹਣ ਅਤੇ ਉਸ ਤੋਂ ਬਾਅਦ ਇਕ ਹੋਰ ਵਾਹਨ ਨੂੰ ਖੋਹਣ ਦੀ ਕਥਿਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਿਸ ਤੋਂ ਬਾਅਦ ਉਕਤ ਸੂਚਨਾ ਪੁਲਿਸ ਕੰਟਰੋਲ ਤੋਂ ਜ਼ਿਲ੍ਹਾ ਪੁਲਿਸ ਨੂੰ ਮਿਲੀ। ਜਿਸ ਤੋਂ ਬਾਅਦ ਥਾਣਾ ਜੰਡਿਆਲਾ ਅਤੇ ਥਾਣਾ ਬਿਆਸ ਪੁਲਿਸ ਦੀਆਂ ਪੁਲਿਸ ਪਾਰਟੀਆਂ ਵੱਲੋਂ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਕਾਰ ਖੋਹ ਕੇ ਭੱਜੇ ਚੋਰ: ਮੁਲਜ਼ਮ ਬਾਬਾ ਬਕਾਲਾ ਸਾਹਿਬ ਮੋੜ ਨੇੜੇ ਪੁਲਿਸ ਅੱਗੇ ਗੱਡੀ ਤੇਜ਼ ਰਫਤਾਰ ਵਿੱਚ ਭਜਾ ਰਹੇ ਸਨ। ਤੇਜ ਰਫ਼ਤਾਰ ਗੱਡੀ ਭਜਾ ਰਹੇ ਕਥਿਤ ਬਦਮਾਸ਼ਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਗੱਡੀ ਵਿੱਚੋਂ ਉੱਤਰ ਕੇ ਭੱਜ ਰਹੇ ਬਦਮਾਸ਼ਾਂ ਦਾ ਪਿੱਛਾ ਕਰਦਿਆਂ ਪੁਲਿਸ ਵੱਲੋਂ ਇਕ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਦਕਿ ਦੂਜੇ ਮੁਲਜ਼ਮ ਨੂੰ ਫੜਨ ਲਈ ਪੁਲਿਸ ਪਾਰਟੀਆਂ ਪਿੰਡੋ ਪਿੰਡ ਸਰਚ ਕਰ ਰਹੀਆਂ ਹਨ।
ਪੁਲਿਸ ਨੇ ਕੀਤਾ ਪਿੱਛਾ: ਘਟਨਾ ਤੋਂ ਬਾਅਦ ਮੁੜ ਮੌਕੇ ਦੀ ਜਾਂਚ ਕਰਨ ਪੁੱਜੇ ਥਾਣਾ ਬਿਆਸ ਮੁੱਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਬਦਮਾਸ਼ਾਂ ਵੱਲੋਂ ਜੰਡਿਆਲਾ ਨੇੜੇ ਕਾਰ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦੀ ਸੂਚਨਾ ਮਿਲਣ 'ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਨੇ ਬਦਮਾਸ਼ਾਂ ਵੱਲੋਂ ਖੋਹੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਦੀ ਤੇਜ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮੀਡੀਆ ਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਕਾਰ ਪਲਟਨ ਤੋਂ ਪਹਿਲਾਂ ਕੀ ਹੋਇਆ: ਉੱਧਰ ਦੂਜੀ ਪਾਸੇ ਬਦਮਾਸ਼ਾਂ ਦੀ ਕਾਰ ਪਲਟਣ ਤੋਂ ਪਹਿਲਾਂ ਇਕ ਦੁਕਾਨ ਦੇ ਬਾਹਰ ਖੜੀ ਕਾਰ ਵਿੱਚ ਤੇਜ ਰਫ਼ਤਾਰ ਨਾਲ ਟਕਰਾਈ ਅਤੇ ਉਸ ਕਾਰ ਨੂੰ ਚਕਨਾਚੂਰ ਕਰਨ ਤੋਂ ਇਲਾਵਾ ਨਜਦੀਕੀ ਬਿਜਲੀ ਖੰਬੇ ਅਤੇ ਇਕ ਪਸ਼ੂ 'ਤੇ ਹੋਰ ਸਮਾਨ ਦਾ ਕਾਫੀ ਨੁਕਸਾਨ ਕਰਨ ਤੋਂ ਬਾਅਦ ਪਲਟੀਆਂ ਖਾਂਦੀ ਰੁਕ ਗਈ। ਉਕਤ ਘਟਨਾ ਤੋਂ ਬਾਅਦ ਦੁਕਾਨਦਾਰ ਭਿੰਦਰ ਸਿੰਘ ਅਤੇ ਉਸਦੇ ਲੜਕੇ ਲਵਪ੍ਰੀਤ ਸਿੰਘ ਨੇ ਘਟਨਾ ਕ੍ਰਮ ਦੱਸਦੇ ਹੋਏ ਕਿਹਾ ਕਿ ਇਸ ਘਟਨਾ ਵਿਚ ਉਨ੍ਹਾਂ ਦੀ ਦੁਕਾਨ ਬਾਹਰ ਖੜੀ ਕਾਰ ਸਣੇ ਹੋਰ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਬਾਕੀ ਲੁਟੇਰਿਆਂ ਨੂੰ ਲੱਭਣ ਦਾ ਅਭਿਆਨ ਜਾਰੀ: ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਹੈ ਕਿ ਪੁਲਿਸ ਨੇ ਖੋਹੀ ਹੋਈ ਕਾਰ ਵਿੱਚੋਂ ਬਦਮਾਸ਼ਾਂ ਦਾ ਕੁਝ ਅਸਲਾ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਪੂਰੀ ਕਰ ਰਹੀ ਹੈ ਅਤੇ ਫਰਾਰ ਹੋਏ ਦੂਜੇ ਬਦਮਾਸ਼ ਦੀ ਭਾਲ ਵਿੱਚ ਪੁਲਿਸ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- Sidhu Visit Badal House: ਨਵਜੋਤ ਸਿੰਘ ਸਿੱਧੂ ਪਹੁੰਚੇ ਪਿੰਡ ਬਾਦਲ, ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ