ਅੰਮ੍ਰਿਤਸਰ: ਇੱਕ ਵਾਰ ਫਿਰ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰ ਦਾ ਟਰਾਂਸਫਾਰਮਰ ਫਿਊਜ ਹੋਣ ਨਾਲ ਸਥਾਨਕ ਵਾਸੀਆਂ ਨੂੰ ਕਾਫੀ ਮੁਸ਼ਕਲ ਹੋ ਰਹੀ ਹੈ। ਇਸ ਲਈ ਗ੍ਰਾਮ ਪੰਚਾਇਤ ਬਾਬਾ ਬਕਾਲਾ ਸਾਹਿਬ, ਬਾਜਾਰ ਕਮੇਟੀ ਤੇ ਨਗਰ ਵਾਸੀਆਂ ਨੇ ਪੀ.ਐਸ.ਪੀ.ਸੀ.ਐਲ ਨਾਲ ਸਬੰਧਿਤ ਜੇਈ ਖ਼ਿਲਾਫ਼ ਵਿਭਾਗ ਨੂੰ ਇੱਕ ਲਿਖਤ ਪੱਤਰ ਰਾਂਹੀ ਸ਼ਿਕਾਇਤ ਕੀਤੀ ਹੈ।
ਸਮਾਜ ਸੇਵੀ ਬਲਕਾਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਉੱਤੇ ਜਿੱਥੇ ਪੰਜਾਬ ਸਰਕਾਰ ਵੱਡੇ ਪੱਧਰ ਉੱਤੇ ਵਿਕਾਸ ਕਰਵਾ ਰਹੀ ਹੈ ਤਾਂ ਡੀਸੀ ਅੰਮ੍ਰਿਤਸਰ ਅਤੇ ਪਾਵਰਕਾਮ ਦੇ ਆਲਾ ਅਧਿਕਾਰੀਆਂ ਨੂੰ ਬਾਬਾ ਬਕਾਲਾ ਸਾਹਿਬ ਵਿੱਚ ਟਰਾਂਸਫਾਰਮਰ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਉੱਤੇ ਸਮੂਹ ਅਫਸਰਾਂ ਨੇ ਸਹਿਮਤੀ ਪ੍ਰਗਟਾਈ ਸੀ।
ਇਹ ਵੀ ਪੜ੍ਹੋ:ਭੱਜੀ ਨੇ ਇੰਸਟਾਗ੍ਰਾਮ 'ਤੇ ਪਹਿਲਾਂ ਪਾਈ ਵਿਵਾਦਿਤ ਪੋਸਟ, ਬਾਅਦ 'ਚ ਮੰਗੀ ਮਾਫ਼ੀ
ਬਲਕਾਰ ਭੁੱਲਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਥਾਨਕ ਜੇਈ ਉਕਤ ਹੁਕਮਾਂ ਨੂੰ ਟਾਲਮਟੋਲ ਕਰਦਾ ਆ ਰਿਹਾ ਹੈ ਅਤੇ ਭਾਰੀ ਗਰਮੀ ਦੇ ਇਸ ਮੌਸਮ ਦੌਰਾਨ ਮੇਨ ਬਾਜਾਰ ਦਾ ਟਰਾਂਸਫਾਰਮਰ ਇੱਕ ਵਾਰ ਫਿਰ ਫਿਊਜ ਹੋ ਗਿਆ ਹੈ। ਜਿਸ ਕਾਰਨ ਦੁਕਾਨਦਾਰਾਂ ਨੂੰ ਪੂਰਾ ਦਿਨ ਗਰਮੀ ਵਿੱਚ ਕੱਟਣਾ ਪਿਆ ਅਤੇ ਉਨ੍ਹਾਂ ਇੱਕ ਜੁੱਟ ਹੋ ਕੇ ਸਥਾਨਕ ਵਾਸੀਆਂ ਦੇ ਦਸਤਖਤ ਵਾਲੇ ਪੱਤਰ ਜਰੀਏ ਮੰਗ ਕੀਤੀ ਹੈ ਕਿ ਜੇਈ ਦਾ ਤੁਰੰਤ ਤਬਾਦਲਾ ਕੀਤਾ ਜਾਵੇ।
ਉਧਰ ਇਸ ਮਾਮਲੇ ਵਿੱਚ ਜੇਈ ਅਮਰਜੀਤ ਸਿੰਘ ਅਨੁਸਾਰ ਉਨ੍ਹਾਂ ਕੋਈ ਅਣਗਹਿਲੀ ਨਹੀਂ ਕੀਤੀ ਅਤੇ ਜੋ ਅਸਟੀਮੇਟ ਲਗਾ ਕੇ ਭੇਜਿਆ ਸੀ, ਉਹ ਪਾਸ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਵਰਕਆਰਡਰ ਹੋਣ ਤੋਂ ਬਾਅਦ ਲੋੜੀਂਦਾ ਸਮਾਨ ਆ ਜਾਵੇਗਾ , ਜਿਸ ਦੇ ਬਾਅਦ ਠੇਕੇਦਾਰਾਂ ਨੂੰ ਕੰਮ ਸੌਂਪ ਦਿੱਤਾ ਜਾਵੇਗਾ।