ਮੋਗਾ: ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਮੋਗਾ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੁੱਚੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਢਾਡੀਆਂ, ਪ੍ਰਚਾਰਕਾਂ ਵੱਲੋਂ ਮੇਨ ਬਾਜ਼ਾਰ ਵਿੱਚ ਰੋਸ ਮਾਰਚ ਕਰ ਕੇ ਪੰਜਾਬ ਦੇ ਮਾਨਯੋਗ ਰਾਜਪਾਲ ਦੇ ਨਾਂ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ।
ਇਹ ਰੋਸ ਮਾਰਚ ਗੁਰਦੁਆਰਾ ਸਿੰਘ ਸਭਾ ਮੋਗਾ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਨਰਿੰਦਰ ਕੌਰ ਰਣੀਆ ਦੀ ਅਗਵਾਈ ਹੇਠ ਮੇਨ ਬਾਜ਼ਾਰ ਵਿਚੋਂ ਹੁੰਦਾ ਹੋਇਆ ਰੋਸ ਮਾਰਚ ਡੀਸੀ ਦਫਤਰ ਮੋਗਾ ਪੁੱਜਾ ਜਿੱਥੇ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਨਰਿੰਦਰ ਕੌਰ ਰਣੀਆਂ ਨੇ ਕਿਹਾ ਕਿ ਮੁੱਢ ਤੋਂ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਸਿੱਖਾਂ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਾਡੇ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਜੋ ਬੰਦੀ ਸਿੰਘ 33 ਸਾਲ ਦੀ ਉਮਰ ਵਿੱਚ ਜੇਲ੍ਹਾਂ ਵਿੱਚ ਬੰਦ ਹੋਏ ਸਨ।
ਉਹ ਅੱਜ 60-70 ਸਾਲ ਦੇ ਬਾਬੇ ਬਣ ਚੁੱਕੇ ਹਨ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡੀਆਂ ਅੰਨ੍ਹੀ ਅਤੇ ਬੋਲੀਆਂ ਸਰਕਾਰਾਂ ਨੂੰ ਇਹ ਸਭ ਕੁਝ ਕਿਉਂ ਨਹੀਂ ਦਿਖ ਰਿਹਾ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਦੂਹਰੇ ਮਾਪਦੰਡ ਦੇ ਕਾਨੂੰਨ ਜਿਨ੍ਹਾਂ ਚਿਰ ਖ਼ਤਮ ਨਹੀਂ ਹੁੰਦੇ ਓਦੋਂ ਤੱਕ ਇਸੇ ਤਰ੍ਹਾਂ ਹੀ ਰੋਸ ਮੁਜ਼ਾਹਰੇ ਤੇ ਧਰਨੇ ਲੱਗਦੇ ਰਹਿਣਗੇ।
ਇਸ ਮੌਕੇ 'ਤੇ ਭਾਵੁਕ ਹੁੰਦਿਆਂ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਨਰਿੰਦਰ ਕੌਰ ਨੇ ਕਿਹਾ ਕਿ ਸਾਡੇ ਪੱਲੇ ਸਿਰਫ਼ ਮੰਗ ਪੱਤਰ ਤੇ ਰੋਸ ਮਾਰਚ ਹੀ ਹੈ ਹੋਰ ਅਸੀਂ ਕੀ ਕਰ ਸਕਦੇ ਹਾਂ ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕੀਤੀ ਜਾਵੇ।
ਇਹ ਵੀ ਪੜ੍ਹੋ:- CUET UG ਚੌਥੇ ਪੜਾਅ ਦੀ ਪ੍ਰੀਖਿਆ ਦੀ ਬਦਲੀ ਤਾਰੀਖ ਜਾਣੋ ਕਾਰਨ