ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਇਲਾਕਿਆਂ ਵਿੱਚ ਲੁੱਟ ਖੋਹ ਗਿਰੋਹ ਬੇਹੱਦ ਸਰਗਰਮ ਨਜ਼ਰ ਆ ਰਹੇ ਹਨ। ਪਰ ਲੁਟੇਰਾ ਗਿਰੋਹਾਂ ਦੀਆਂ ਲੁੱਟਾਂ ਮੁਕਾਬਲੇ ਪੁਲਿਸ ਅਜਿਹੇ ਕੇਸਾਂ ਨੂੰ ਹੱਲ ਕਰਨ ਵਿੱਚ ਢਿੱਲੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਸ਼ਹਿਰ ਵਿੱਚ ਲੁੱਟ ਖੋਹ ਦੀਆ ਵਾਰਦਾਤਾਂ ਹਰ ਰੋਜ ਵਧਣ ਕਰਕੇ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਸੈਰ ਤੋਂ ਵਾਪਿਸ ਘਰ ਪਰਤ ਰਹੀ ਔਰਤ ਦੇ ਦੋਵਾਂ ਕੰਨਾਂ ਵਿੱਚੋ ਸੋਨੇ ਦੀਆਂ ਵਾਲੀਆਂ ਝੱਪਟਾ ਮਾਰ ਕੇ ਨੌਜਵਾਨ ਫਰਾਰ ਹੋ ਗਿਆ ਸੀ। ਇੱਕ ਵਾਰ ਫਿਰ ਨਾਂਮ ਦੇਵ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਛੋਟੀ ਬਰਾਂਚ ਨੇੜਿਓ ਇੱਕ ਬਜੁਰਗ ਔਰਤ ਕੋਲੋਂ ਅਣਪਛਾਤੇ ਲੁਟੇਰਿਆਂ ਵਲੋਂ ਪੈਨਸ਼ਨ ਦੀ ਰਕਮ ਉਡਾ ਕੇ ਫਰਾਰ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਬਜੁਰਗ ਮਾਤਾ ਹਰਭਜਨ ਕੌਰ ਉਮਰ 65 ਸਾਲ ਵਾਸੀ ਤਾਰਾਗੜ੍ਹ ਨੇ ਦੱਸਿਆ, ਕਿ ਉਹ ਆਪਣੀ 2 ਮਹੀਨੇ ਦੀ ਪੈਨਸ਼ਨ ਦੇ ਪੈਸੇ 8 ਹਜ਼ਾਰ ਲੈ ਕੇ ਆਈ ਸੀ, ਕਿ ਬੈਂਕ ਤੋਂ ਹੀ ਉਸ ਦੇ ਪਿੱਛੇ ਲੱਗੇ ਜੇਬ ਕਤਰੇ ਨੇ ਪਰਸ ਨੂੰ ਬਲੇਡ ਮਾਰ ਕੇ ਪੈਸੇ ਕੱਢੇ ਅਤੇ ਰਫੂਚੱਕਰ ਹੋ ਗਿਆ। ਮਾਤਾ ਹਰਭਜਨ ਕੌਰ ਨੇ ਰੋਂਦਿਆਂ ਹੋਇਆ ਦੱਸਿਆ ਕਿ ਇਹਨਾਂ ਪੈਸਿਆਂ ਵਿੱਚੋ ਕੁੱਝ ਪੈਸੇ ਰੱਖੜੀ 'ਤੇ ਆਪਣੀਆਂ ਲੜਕੀਆਂ ਨੂੰ ਦੇਣੇ ਸਨ ਅਤੇ ਕੁੱਝ ਘਰ ਦੇ ਗੁਜਾਰੇ ਲਈ ਸੀ। ਪਰ ਉਹ ਹੁਣ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕਰੇਗੀ। ਘਟਨਾ ਬਾਰੇ ਦੱਸਦਿਆਂ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਇਹੋ ਜਿਹੀਆਂ ਖੋਹ ਦੀਆ ਘਟਨਾਵਾਂ ਵੇਖ ਕੇ ਜੰਡਿਆਲਾ ਗੁਰੂ ਸ਼ਹਿਰ ਵਾਸੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਅਤੇ ਇਲਾਕੇ ਵਿੱਚ ਲੁੱਟਾਂ ਖੋਹਾਂ ਬਹੁਤ ਵੱਧ ਗਈਆਂ ਹਨ। ਜੰਡਿਆਲਾ ਗੁਰੂ ਦੇ ਵਸਨੀਕਾਂ ਨੇ ਕਿਹਾ ਕਿ ਇਹ ਖਬਰਾਂ ਤੱਕ ਹੀ ਗੱਲ ਰਹਿ ਜਾਂਦੀ ਹੈ। ਪਰ ਅੱਜ ਤੱਕ ਕਿਸੇ ਦਾ ਲੁੱਟਿਆ ਹੋਇਆ ਪੈਸਾ ਜਾਂ ਹੋਰ ਕੋਈ ਵੀ ਸਮਾਨ ਅਜੇ ਤੱਕ ਵਾਪਿਸ ਨਹੀਂ ਮਿਲਿਆ ਅਤੇ ਨਾ ਹੀ ਲੁੱਟਾਂ ਖੋਹਾਂ ਵਾਲੇ ਫੜੇ ਜਾਂਦੇ ਹਨ। ਪਰ ਲੋਕ ਰੋ ਕੁਰਲਾ ਕੇ ਹੱਟ ਜਾਂਦੇ ਹਨ। ਪਰ ਕੋਈ ਇਨਸਾਫ਼ ਨਹੀਂ ਮਿਲਦਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਲੁੱਟਾਂ ਖੋਹਾਂ ਵਾਲੇ ਗਿਰੋਹ ਨੂੰ ਜਲਦੀ ਹੀ ਕਾਬੂ ਕਰਕੇ ਜਨਤਾ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਬੇਖੌਫ ਦੀ ਜਿੰਦਗੀ ਜੀ ਸਕਣ।
ਇਹ ਵੀ ਪੜ੍ਹੋ:- ਅਧਿਆਪਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ