ਅੰਮ੍ਰਿਤਸਰ: ਸ਼ਹਿਰ ਦੇ ਚਾਟੀਵਿੰਡ ਖੇਤਰ ਵਿੱਚ ਇੱਕ ਸੱਸ ਨੇ ਆਪਣੀ ਨੂੰਹ 'ਤੇ ਚੋਰੀ ਦਾ ਇਲਜ਼ਾਮ ਲਗਾਇਆ ਹੈ। ਸੱਸ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸ ਨੂੰ ਚੋਰੀ ਕੀਤਾ ਸਮਾਨ ਵਾਪਸ ਕਰਨ 'ਚ ਮਦਦ ਕੀਤੀ ਜਾਵੇ।
ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਉਹ 3 ਜੂਨ ਨੂੰ ਆਪਣੀ ਧੀ ਅਤੇ ਛੋਟੇ ਬੇਟੇ ਨਾਲ ਘਰ ਤੋਂ ਕੰਮ 'ਤੇ ਗਈ ਸੀ। ਪਰ ਜਦ ਉਹ ਘਰ ਆਏ ਤਾਂ ਅਲਮਾਰੀਆਂ ਖੁੱਲੀਆਂ ਪਈਆਂ ਸਨ ਅਤੇ ਸਭ ਖਿਲਰਿਆ ਹੋਇਆ ਸੀ। ਅਮਰਜੀਤ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਘਰ ਵਿੱਚੋਂ 20 ਹਜ਼ਾਰ ਰੁਪਏ ਨਗਦੀ ਅਤੇ ਸੋਨੇ ਦੇ ਗਿਹਣੇ ਲੈਕੇ ਆਪਣੇ ਭਰਾ ਨਾਲ ਚਲੀ ਗਈ। ਉਨ੍ਹਾਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਦੂਸਰੇ ਪਾਸੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਕੁਲਦੀਪ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਇਸ ਮਾਮਲੇ ਸਬੰਧੀ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਨੂੰਹ ਦਾ ਕਹਿਣਾ ਸੀ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਦਾ ਇਲਾਜ ਨਹੀਂ ਕਰਵਾ ਰਿਹਾ ਸੀ। ਕੁਲਦੀਪ ਰਾਏ ਨੇ ਕਿਹਾ ਕਿ ਉਨ੍ਹਾਂ ਦੋਹਾਂ ਧਿਰਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।