ਅੰਮ੍ਰਿਤਸਰ: ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਘੱਲੂਘਾਰਾ ਦਿਹਾੜੇ ਨੂੰ ਛੇ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਤੇ ਸੰਗਤਾਂ ਇਕੱਤਰ ਹੁੰਦੀਆਂ ਹਨ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੜ੍ਹਿਆ ਜਾਂਦਾ ਸੰਦੇਸ਼ ਦੁਨੀਆ ਭਰ ਵਿੱਚ ਵਸਦੇ ਸਿੱਖ ਬੜੇ ਧਿਆਨ ਦੇ ਨਾਲ ਸੁਣਦੇ ਹਨ।
ਕਈ ਗਰਮ ਖ਼ਿਆਲੀਆਂ ਦੇ ਹੱਥਾਂ 'ਚ 'ਖ਼ਾਲਿਸਤਾਨ ਜ਼ਿੰਦਾਬਾਦ' ਤੇ 'ਖ਼ਾਲਿਸਤਾਨ ਸਾਡਾ ਹੱਕ ਹੈ' ਲਿਖੇ ਬੈਨਰ ਨਜ਼ਰ ਆਏ ਹਨ। ਪਿਛਲੇ ਕੁਝ ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਤੇ ਗਰਮ ਖਿਆਲੀਆਂ ਦੀ ਕੁਝ ਸਿੰਘਾਂ ਨਾਲ ਇਸ ਦਿਹਾੜੇ ਨੂੰ ਮਨਾਉਣ ਲਈ ਹੱਥੋਪਾਈ ਵੀ ਹੋਈ ਹੈ।
ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਿਹਾੜੇ ਨੂੰ ਮਨਾਉਣ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਵੱਡੀ ਤਾਦਾਦ 'ਚ ਸਾਦੇ ਕੱਪੜਿਆਂ ਵਿਚ ਸੁਰੱਖਿਆ ਬਲ ਲਗਾਇਆ ਗਿਆ ਸੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਘੱਲੂਘਾਰੇ ਦਿਵਸ ਨੂੰ ਸਾਨੂੰ ਕਦੀ ਵੀ ਅਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਨਹੀਂ ਕਹਿਣਾ ਚਾਹੀਦਾ ਅਤੇ ਇਸ ਨੂੰ ਸਿਰਫ਼ ਘੱਲੂਘਾਰਾ ਦਿਵਸ ਹੀ ਕਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਈ ਕਨੂੰਨ ਬਣਾਏ ਗਏ ਪਰ ਕੋਈ ਵਿਰੋਧਤਾ ਨਹੀ ਹੋਈ ਅਤੇ ਕਿਸੇ ਬਾਹਰੀ ਸੂਬੇ 'ਚ ਸਿੱਖ ਨੌਜਵਾਨ ਨਾਲ ਸ਼ਰਾਰਤੀ ਅਨਸਰਾਂ ਵਲੋਂ ਮਾਰਕੁੱਟ ਕੀਤੀ ਗਈ ਤਾਂ ਉਸ ਦੀ ਅਮਰੀਕਾ ਤੱਕ ਵੀ ਵਿਰੋਧਤਾ ਹੋਈ। ਜਿਸ ਨਾਲ ਪਤਾ ਚੱਲਦਾ ਹੈ ਕਿ ਸਿੱਖ ਕੌਮ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।
ਇਹ ਵੀ ਪੜ੍ਹੋ:ਆਪ੍ਰੇਸ਼ਨ Blue Star ਦੀ 37ਵੀਂ ਬਰਸੀ: ਕਈ ਸਿੱਖ ਆਗੂ ਘਰਾਂ ਵਿਚ ਹੀ ਕੀਤੇ ਨਜਰਬੰਦ