ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ 600 ਯੁਨਿਟ ਮੁਫਤ ਬਿਜਲੀ ਦੇ ਦਿੱਤੇ ਲਾਭ ਨੂੰ ਲੈਣ ਵਿੱਚ ਕੁਝ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਜਿਸ ਦਾ ਕਾਰਣ ਕੁਝ ਖਪਤਕਾਰਾਂ ਦੇ ਬਿਜਲੀ ਮੀਟਰਾਂ ਵਿੱਚ ਖਰਾਬੀ ਆਉਣਾ ਸੀ। ਉਕਤ ਮਾਮਲਾ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਧਿਆਨ ਵਿੱਚ ਆਉਣ ਤੇ ਉਨ੍ਹਾਂ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ ਨੂੰ ਖਰਾਬ ਮੀਟਰਾਂ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਜਾਣ ਦੀ ਖਬਰ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੀ ਡਵੀਜਨ ਜੰਡਿਆਲਾ ਗੁਰੂ ਵਿੱਚ ਵਿਭਾਗ ਵੱਲੋਂ ਪਹਿਲ ਦੇ ਅਧਾਰ ਤੇ 1000 ਦੇ ਕਰੀਬ ਖਰਾਬ ਮੀਟਰਾਂ ਨੂੰ ਬਦਲਣ ਦੀ ਜਾਣਕਾਰੀ ਦਿੱਤੀ ਗਈ ਹੈ।
ਡਿਪਟੀ ਚੀਫ਼ ਇੰਜਨੀਅਰ ਸਬ ਅਰਬਨ ਅੰਮ੍ਰਿਤਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ ਜਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਵਰਕਾਮ ਵਲੋਂ ਜੰਡਿਆਲਾ ਗੁਰੂ ਡਵੀਜ਼ਨ ਵਿੱਚ ਕੈਬਨਿਟ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੇਂ 1000 ਮੀਟਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ ਪਰ ਧਿਆਨ ਵਿੱਚ ਆਇਆ ਹੈ ਕਿ ਜਿਨ੍ਹਾਂ ਖਪਤਕਾਰਾਂ ਦੇ ਮੀਟਰ ਖਰਾਬ ਜਾਂ ਸੜ ਗਏ ਸਨ।
ਉਨ੍ਹਾਂ ਵਿਚੋਂ ਕੁਝ ਖਪਤਕਾਰ ਇਸ ਸਹੂਲਤ ਤੋਂ ਵਾਂਝੇ ਰਹਿ ਗਏ ਹਨ। ਅਜਿਹੇ ਵਿੱਚ ਬਹੁਤ ਜਲਦੀ ਇਹ ਮੀਟਰ ਬਦਲ ਦਿੱਤੇ ਜਾਣਗੇ ਤਾਂ ਜੋ ਹਰ ਖਪਤਕਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ 600 ਮੁਫਤ ਯੂਨਿਟਾਂ ਦੀ ਸਹੂਲਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਕਰੀਬ 6500 ਮੀਟਰ ਬਦਲੇ ਜਾਣਗੇ।
ਵਿਭਾਗ ਵਿੱਚ ਭ੍ਰਿਸ਼ਟਾਚਾਰ ਤੇ ਕੱਸਿਆ ਸ਼ਿਕੰਜਾ: ਇਸ ਦੇ ਨਾਲ ਹੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੇ ਸ਼ਿਕੰਜਾ ਕੱਸਣ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਵੀ 12 ਕਥਿਤ ਭ੍ਰਿਸ਼ਟ ਮੀਟਰ ਰੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਹੈ ਅਤੇ ਭਵਿੱਖ ਵਿੱਚ ਵੀ ਜੇਕਰ ਕੋਈ ਮੀਟਰ ਰੀਡਰ ਮੀਟਰ ਰੀਡਿੰਗ ਵਿੱਚ ਅਣਗਹਿਲੀ ਦਿਖਾਵੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਦੁਰਵਰਤੋਂ ਨਾ ਕਰਨ ਬਿਜਲੀ ਦੀ ਘੱਟ ਤੋਂ ਘੱਟ ਖਪਤ ਕਰਨ ਅਤੇ 600 ਯੂਨਿਟ ਮੁਫਤ ਬਿਜਲੀ ਦਾ ਲਾਭ ਲੈਣ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਸੁੰਦਰੀਕਰਨ ਪ੍ਰਾਜੈਕਟ ਦੀਆਂ ਚੋਰਾਂ ਨੇ ਉਡਾਈਆਂ ਧੱਜੀਆਂ, ਪਾਰਕ 'ਚ ਲੱਗਿਆ ਕੀਮਤੀ ਸਮਾਨ ਕੀਤਾ ਚੋਰੀ