ਅੰਮ੍ਰਿਤਸਰ: ਅਦਾਕਾਰ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਦੀ ਆਉਣ ਵਾਲੀ ਫਿਲਮ ਗ਼ਦਰ 2 ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਸ਼ੂਟਿੰਗ ਦੇ ਵਿਚਾਲੇ ਹੀ ਇਸ ਦੇ ਸੈਟ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ ਜਤਾਇਆ ਹੈ। ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਦਾਕਾਰ ਸੰਨੀ ਦਿਓਲ ਅਤੇ ਡਾਇਰੈਕਟਰ ਦੋਵੇਂ ਦੋਸ਼ੀ ਹਨ।
ਆਖਰ ਕੀ ਹੈ ਵਾਇਰਲ ਵੀਡੀਓ ਵਿੱਚ: ਦਰਅਸਲ, ਫਿਲਮ ਗ਼ਦਰ 2 ਦਾ ਇਕ ਸੀਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਫਿਲਮਾਇਆ ਗਿਆ ਹੈ। ਇਸ ਸੀਨ ਵਿੱਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਵੱਲੋਂ ਇਕ ਰੁਮਾਂਟਿਕ ਸੀਨ ਫਿਲਮਾਇਆ ਜਾ ਰਿਹਾ ਹੈ। ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੇ ਆਲੇ-ਦੁਆਲੇ ਗਤਕਾ ਕਰਦੇ ਹੋਏ ਸਿੰਘ ਵੀ ਦਿਖਾਏ ਗਏ ਹਨ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਰੰਤ ਐਸਜੀਪੀਸੀ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।
ਗੁਰਦੁਆਰਾ ਸਾਹਿਬ ਸ਼ੂਟਿੰਗ ਏਰੀਆ ਨਹੀਂ: ਭਾਈ ਗੁਰਚਰਨ ਸਿੰਘ ਗਰੇਵਾਲ ਐਸਜੀਪੀਸੀ ਸਕੱਤਰ ਨੇ ਕਿਹਾ ਸੰਨੀ ਦਿਓਲ ਸਿੱਖ ਕੌਮ ਦੇ ਦੋਸ਼ੀ ਹਨ। ਗਰੇਵਾਲ ਨੇ ਕਿਹਾ ਕਿ ਇਹ ਜੋ ਤਸਵੀਰਾਂ ਆ ਰਹੀਆਂ ਹਨ, ਇਹ ਬਹੁਤ ਹੀ ਸ਼ਰਮਨਾਕ ਹਨ। ਸੰਨੀ ਦਿਓਲ ਸਿੱਧੇ ਤੌਰ ਉੱਤੇ ਦੋਸ਼ੀ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਕੋਈ ਸ਼ੂਟਿੰਗ ਕਰਨ ਵਾਲਾ ਸਥਾਨ ਨਹੀਂ ਹੈ। ਗੁਰਚਰਨ ਗਰੇਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਮਾਨ ਸਤਿਕਾਰ ਦੇਣਾ ਇੱਕ ਚੰਗੀ ਗੱਲ ਹੈ, ਪਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਣੀਆ ਬਹੁਤ ਹੀ ਸ਼ਰਮਨਾਕ ਹਨ।
ਉਨ੍ਹਾਂ ਕਿਹਾ ਕਿ ਦੋਵਾਂ ਵਿਚਾਲੇ ਇਕ ਇਤਰਾਜਯੋਗ ਸੀਨ ਫਿਲਮਾਇਆ ਜਾ ਰਿਹਾ ਹੈ। ਉਨ੍ਹਾਂ ਦੇ ਆਲੇ ਦੁਆਲੇ ਗਤਕਾ ਪਾਰਟੀ ਦੇ ਸਿੰਘ ਵੀ ਘੁੰਮ ਰਹੇ ਹਨ, ਜੋ ਕਿ ਨਿੰਦਣਯੋਗ ਹੈ। ਇਸ ਲਈ ਫਿਲਮ ਦੇ ਐਕਟਰ ਅਤੇ ਡਾਇਰੈਕਟਰ ਦੋਵੇ ਜ਼ਿੰਮੇਵਾਰ ਹਨ ਤੇ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਭਾਜਪਾ ਦੇ ਗੁਰਦਾਸਪੁਰ ਤੋ ਸਾਂਸਦ ਤੇ ਫਿਲਮੀ ਅਭਿਨੇਤਾ ਸੰਨੀ ਦਿਓਲ ਦੀ ਗ਼ਦਰ 2 ਦੀ ਸ਼ੂਟਿੰਗ ਪੰਜਾਬ ਵਿੱਚ ਚੱਲ ਰਹੀ ਸੀ। ਸੰਨੀ ਦਿਓਲ ਵਲੋਂ ਇਕ ਸੀਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇਤਰਾਜਯੋਗ ਦ੍ਰਿਸ਼ ਫਿਲਮਾਉਣ ਉੱਤੇ ਸ਼੍ਰੌਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ ਜਤਾਇਆ ਗਿਆ ਹੈ ਤੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਫਿਲਮ ਦੇ ਸ਼ੂਟ ਹੋਏ ਇਹ ਸੀਨ ਕਾਰਨ ਇਹ ਫਿਲਮ ਅਤੇ ਸੰਨੀ ਦਿਓਲ ਸੁਰਖੀਆਂ ਵਿੱਚ ਆ ਗਏ ਹਨ।
ਦੱਸ ਦਈਏ ਕਿ ਗ਼ਦਰ 2 ਤੋਂ ਪਹਿਲਾਂ, ਗ਼ਦਰ ਏਕ ਪ੍ਰੇਮ ਕਥਾ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ, ਤਾਂ ਜੋ ਦਰਸ਼ਕ ਪੁਰਾਣੀ ਕਹਾਣੀ ਨੂੰ ਮੁੜ ਸੁਰਜੀਤ ਕਰ ਸਕਣ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਕਹਾਣੀ ਦੇਖਣ ਦਾ ਹੋਰ ਮਜ਼ਾ ਆਵੇ। ਜਦਕਿ, ਗ਼ਦਰ 2 ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਗ਼ਦਰ 2 ਦੀ ਸਟੋਰੀਲਾਈਨ: ਗ਼ਦਰ 2 ਵਿੱਚ ਸੰਨੀ ਦਿਓਲ ਜਹਾਂ ਤਾਰਾ ਸਿੰਘ, ਅਤੇ ਅਮੀਸ਼ਾ ਪਟੇਲ ਸਕੀਨਾ ਦੇ ਅਵਤਾਰ ਵਿੱਚ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਦੋਹਾਂ ਕਲਾਕਾਰਾਂ ਦੇ ਬੇਟੇ ਚਰਨਜੀਤ ਦਾ ਕਿਰਦਾਰ ਉਤਕਰਸ਼ ਸ਼ਰਮਾ ਨਿਭਾਉਣਗੇ। ਉਸ ਨੇ ਬਚਪਨ ਦਾ ਕਿਰਦਾਰ ਵੀ ਨਿਭਾਇਆ, ਕਿਉਂਕਿ ਉਹ ਉਸ ਸਮੇਂ ਛੋਟਾ ਸੀ। ਫਿਲਮ ਦੇ ਪਹਿਲੇ ਹਿੱਸੇ 'ਚ ਤਾਰਾ ਸਿੰਘ ਆਪਣੀ ਪਤਨੀ ਸਕੀਨਾ ਨੂੰ ਲੈਣ ਬਾਰਡਰ 'ਤੇ ਜਾਂਦਾ ਹੈ ਅਤੇ ਇਸ ਵਾਰ ਉਹ ਆਪਣੇ ਬੇਟੇ ਲਈ ਪਾਕਿਸਤਾਨ ਜਾਣ ਵਾਲੇ ਹਨ।