ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਭਾਰਤ ਦੇਸ਼ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਪਿਛਲੇ ਲਗਭਗ 3 ਮਹੀਨਿਆਂ ਤੋਂ ਸਾਰੇ ਕਾਰੋਬਾਰ ਬੰਦ ਹਨ। ਭਾਰਤ ਵਿੱਚ ਪ੍ਰਮੁੱਖ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਦੁਕਾਨਾਂ ਤੋਂ ਇਲਾਵਾ ਰੇਹੜੀਆਂ-ਫੜ੍ਹੀਆਂ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ।
ਪਿਛਲੇ ਲੰਮੇ ਸਮੇਂ ਤੋਂ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਦਰਸ਼ਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਕੋਰੋਨਾ ਕਰਕੇ ਸੰਗਤ ਦੀ ਆਮਦ ਘੱਟ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਦਾ ਰੁਜ਼ਗਾਰ ਬਿਲਕੁਲ ਬੰਦ ਹੋ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਰੇਹੜੀ-ਫੜੀ ਵਾਲਿਆਂ ਨੂੰ 10 ਹਜ਼ਾਰ ਰੁਪਏ ਮੁਕੱਰਰ ਕੀਤੇ ਗਏ ਹਨ, ਉਹ ਮੁਹੱਈਆ ਕਰਵਾਏ ਜਾਣ।
ਇਹ ਵੀ ਪੜ੍ਹੋ: ਮਜ਼ਦੂਰਾਂ ਦੀ ਥਾਂ ਆਪਣੇ ਬੱਚਿਆਂ ਤੋਂ ਝੋਨਾ ਲਵਾਉਣ ਲਈ ਮਜਬੂਰ ਕਿਸਾਨ
ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰੀ ਰਾਸ਼ਨ ਦੀ ਵੀ ਕਾਣੀ ਵੰਡ ਹੋਈ ਹੈ ਤੇ ਉਨ੍ਹਾਂ ਤੱਕ ਸਿਰਫ 5 ਪ੍ਰਤੀਸ਼ਤ ਹੀ ਰਾਸ਼ਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨੇੜੇ ਧਾਰਮਿਕ ਸਾਮਾਨ ਕੜੇ, ਕੰਘੇ, ਕਛਹਿਰੇ ਆਦਿ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ ਪਰ ਹੁਣ ਬਹੁਤ ਮੁਸ਼ਕਿਲ ਸਮੇਂ 'ਚੋਂ ਲੰਘ ਰਹੇ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਨੇੜੇ 600 ਦੇ ਕਰੀਬ ਵੱਡੀਆਂ ਦੁਕਾਨਾਂ ਦੇ ਨਾਲ 200 ਰੇਹੜੀ ਫੜ੍ਹੀ ਵਾਲੇ ਹਨ।