ਅੰਮ੍ਰਿਤਸਰ: ਆਮ ਆਦਮੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਸਾਰੇ ਬੋਰਡਾਂ ਨੂੰ ਪੰਜਾਬੀ 'ਚ ਲਿਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਉਪਰਾਲੇ ਨੂੰ ਵੇਖਦੇ ਹੋਏ ਹੁਣ ਪੰਜਾਬ ਦੇ ਲੋਕ ਵੀ ਇਸ ਸਬੰਧੀ ਵੱਧ ਚੜ੍ਹ ਕੇ ਉਪਰਾਲੇ ਕਰ ਰਹੇ ਹਨ। ਜਿਸਦੇ ਚੱਲਦੇ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਸਮਾਜ ਸੇਵੀ ਸ਼ਖਸੀਅਤਾਂ ਵੱਲੋ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਸਬੰਧੀ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਪਹੁੰਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਲੋਕਾਂ ਨੂੰ ਜਾਗਰੂਕ ਕਰਨਾ: ਇਸ ਮੌਕੇ ਐਨਜੀਓ ਨੈਸ਼ਨਲ ਹਿਊਮਨ ਰਾਈਟਸ ਦੇ ਆਗੂਆਂ ਵੱਲੋਂ ਗੋਲਡਨ ਗੇਟ ਉੱਤੇ ਹੱਥਾਂ 'ਚ ਮਾਂ ਬੋਲੀ ਪੰਜਾਬੀ 'ਚ ਲਿਖੇ ਬੈਨਰ ਫੜ ਕੇ ਜਾਗਰੂਕ ਕੀਤਾ ਗਿਆ। ਇਨ੍ਹਾਂ ਬੈਨਰਾਂ 'ਚ ਸਾਫ਼ ਲਿਖਿਆ ਦੇਖ ਸਕਦੇ ਹਾਂ ਕਿ ਕਿਵੇਂ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਉਪਰਾਲਾ ਨਜ਼ਰ ਆ ਰਿਹਾ ਹੈ। ਆਗੂਆਂ ਦਾ ਕਹਿਣਾ ਕਿ ਮਾਂ ਬੋਲੀ ਬਹੁਤ ਪਿੱਛੇ ਚਲੀ ਗਈ ਹੈ। ਪੰਜਾਬ ਦੇ ਸਾਰੇ ਸਕੂਲਾਂ 'ਚ ਪੰਜਾਬੀ ਮਾਂ ਬੋਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਆਖਿਆ ਕਿ ਸਿਰਫ਼ ਸਕੂਲਾਂ ਵਿੱਚ ਹੀ ਨਹੀਂ ਮਾਪਿਆਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਤਾਂ ਜੋ ਉਹ ਕਿਸੇ ਵੀ ਥਾਂ ਜਾਣ, ਜਿੰਨ੍ਹੀ ਮਰਜ਼ੀ ਵੱਡੀ ਮੰਜ਼ਿਲ 'ਤੇ ਪਹੁੰਚ ਜਾਣ ਪਰ ਆਪਣੀ ਮਾਤਾ ਭਾਸ਼ਾ ਨੂੰ ਹਮੇਸ਼ਾ ਅੱਗੇ ਰੱਖਣ ਦੇ ਨਾਲ ਨਾਲ ਉਸ ਦਾ ਮਾਣ ਸਨਮਾਨ ਬਣਾਈ ਰੱਖਣ।
ਪੰਜਾਬੀਆਂ ਦਾ ਪੰਜਾਬੀ ਭਾਸ਼ਾ ਲਈ ਫ਼ਰਜ਼: ਇਨ੍ਹਾਂ ਐਨਜੀਓ ਦੇ ਆਗੂਆਂ ਨੇ ਕਿਹਾ ਅਸੀਂ ਪੰਜਾਬੀ ਹਾਂ ਅਤੇ ਪੰਜਾਬ ਦੇ ਵਾਸੀ ਹੋਣ ਨਾਤੇ ਸਾਨੂੰ ਪੰਜਾਬੀ ਬੋਲੀ ਦੇ ਲਈ ਵੱਧ-ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਹੀ ਸਮਾਂ ਹੈ ਆਪਣੀ ਪੰਜਾਬੀ ਭਾਸ਼ਾ ਲਈ ਖੁਦ ਜਾਗਰੂਕ ਹੋ ਕੇ ਹੋਰਾਂ ਨੂੰ ਜਾਗਰੂਕ ਕਰਨ ਦਾ ਤਾਂ ਜੋ ਪੰਜਾਬੀ ਭਾਸ਼ਾ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ। ਕਾਬਲੇਜ਼ਿਕਰ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਸਨ ਕਿ ਸਾਰੇ ਦੁਕਾਨਦਾਰ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਦੇ ਬੋਰਡ ਅੰਗਰੇਜ਼ੀ ਵਿੱਚ ਲਿਖ ਕੇ ਲਾਏ ਹੋਏ ਹਨ ਉਨ੍ਹਾਂ ਨੂੰ ਬਦਲ ਕੇ ਪਹਿਲ ਪੰਜਾਬੀ ਭਾਸ਼ਾ ਨੂੰ ਦਿੱਤੀ ਜਾਵੇ। ਸਰਕਾਰ ਦੀ ਇਸ ਸਖ਼ਤੀ ਦਾ ਅਸਰ ਵੀ ਦਿਖਾਈ ਦੇਣ ਲੱਗ ਗਿਆ ਹੈ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡਾਂ ਨੂੰ ਪੰਜਾਬੀ 'ਚ ਲਿਿਖਆ ਜਾਣ ਲੱਗਾ ਹੈ।
ਇਹ ਵੀ ਪੜ੍ਹੋ: Progressive Punjab Investor Summit: ਮੁੱਖ ਮੰਤਰੀ ਨੇ ਦੱਸੀਆਂ ਪੰਜਾਬ ਦੀਆਂ ਖੂਬੀਆਂ, ਉਦਯੋਗਪਤੀਆਂ ਨੂੰ ਨਿਵੇਸ਼ ਦਾ ਸੱਦਾ