ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਪੁਲਿਸ ਸੂਬੇ 'ਚ ਕਾਨੂੰਨ ਵਿਵਸਥਾ ਸਹੀ ਹੋਣ ਅਤੇ ਨਸ਼ੇ ਨੂੰ ਨੱਥ ਪਾਉਣ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਰੋਜ਼ਾਨਾ ਕੋਈ ਨਾ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਹੈ, ਜੋ ਇੰਨ੍ਹਾਂ ਦਾਅਵਿਆਂ ਦਾ ਨੱਕ ਚਿੜਾ ਦਿੰਦੀ ਹੈ। ਮਾਮਲਾ ਅੰਮ੍ਰਿਤਸਰ ਦੇ ਰਈਆ ਨਜ਼ਦੀਕ ਪੈਂਦੇ ਖਲਚੀਆਂ ਤੋਂ ਸਾਹਮਣੇ ਆਇਆ ਹੈ, ਜਿਥੇ ਗਸ਼ਤ ਦੌਰਾਨ ਅੰਮਿਤਸਰ ਦਿਹਾਤੀ ਦੇ ਥਾਣਾ ਬਿਆਸ ਦੇ ਪੁਲਿਸ ਅਧਿਕਾਰੀ ਨੇ ਸ਼ੱਕੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਵਲੋਂ ਪਹਿਲਾਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਭੱਜਣ 'ਚ ਨਾਕਾਮ ਰਹੇ ਤਾਂ ਪੁਲਿਸ ਉਤੇ ਹੀ ਗੋਲੀਆਂ ਚਲਾ ਦਿੱਤੀਆਂ।
ਪਿਸਤੌਲ ਤੇ ਨਸ਼ਾ ਬਰਾਮਦ: ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ 'ਚ ਗੋਲੀ ਚਲਾਈ ਤਾਂ ਕਾਰ ਸਵਾਰ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈਕੇ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਹੈ। ਪੁਲਿਸ ਨੂੰ ਕਾਰ ਸਵਾਰਾਂ ਕੋਲੋਂ ਇੱਕ 32 ਬੋਰ ਪਿਸਤੌਲ ਅਤੇ 270 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵਲੋਂ ਰੋਕਣ ਦੀ ਕੀਤੀ ਸੀ ਕੋਸ਼ਿਸ਼: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਿਹਾਤੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਰੋਪੜ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਚੈਕਿੰਗ ਦੌਰਾਨ ਜਦੋਂ ਇੰਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੰਨ੍ਹਾਂ ਪੁਲਿਸ 'ਤੇ ਗੋਲੀ ਚਲਾ ਦਿੱਤੀ, ਜਿਸ 'ਚ ਜਵਾਬੀ ਕਾਰਵਾਈ 'ਚ ਇਹ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ 'ਤੇ ਪਹਿਲਾਂ ਵੀ ਚੋਰੀ ਅਤੇ ਨਸ਼ੇ ਨੂੰ ਲੈਕੇ ਚਾਰ-ਚਾਰ ਮਾਮਲੇ ਦਰਜ ਹਨ।
- Sukhbir Badal Targeted on Kejriwal: ਸੁਖਬੀਰ ਬਾਦਲ ਦਾ ਮਾਨ ਅਤੇ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ED ਕੋਲ ਨਹੀਂ MP ਜਾਣਗੇ ਕੇਜਰੀਵਾਲ ਤੇ ਸਾਰਾ ਖਰਚਾ ਚੁੱਕੇਗੀ ਪੰਜਾਬ ਸਰਕਾਰ
- Reclaiming Encroached Panchayat Land: ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਹੋ ਜਾਣ ਸਾਵਧਾਨ, ਮੰਤਰੀ ਲਾਲਜੀਤ ਭੁੱਲਰ ਵਲੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਤੇਜ਼ ਕਰਨ ਲਈ ਸਖ਼ਤ ਹਦਾਇਤਾਂ
- Vigilance Caught the Fugitive: ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਦੇ GST ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਦੋਸ਼ੀ ਵਿਜੀਲੈਂਸ ਵੱਲੋਂ ਕਾਬੂ
ਪੁੱਛਗਿਛ 'ਚ ਖੁਲਾਸੇ ਹੋਣ ਦੀ ਉਮੀਦ: ਇਸ ਦੇ ਨਾਲ ਹੀ ਡੀਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 32 ਬੋਰ ਦੀ ਇੱਕ ਪਿਸਤੌਲ ਅਤੇ 270 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਸਪਤਾਲ 'ਚ ਜੇਰੇ ਇਲਾਜ ਹਨ ਅਤੇ ਪੁੱਛਗਿਛ ਤੋਂ ਬਾਅਦ ਹੀ ਸਾਰਾ ਖੁਲਾਸਾ ਹੋਵੇਗਾ ਕਿ ਇਹ ਇਥੇ ਕੀ ਕਰਨ ਆਏ ਸੀ। ਉਨ੍ਹਾਂ ਕਿਹਾ ਕਿ ਪੁੱਛਗਿਛ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਇੰਨ੍ਹਾਂ ਦੇ ਨੈਟਵਰਕ 'ਚ ਹੋਰ ਕੌਣ-ਕੌਣ ਸ਼ਾਮਲ ਹੈ, ਇਸ ਦਾ ਵੀ ਪਤਾ ਲਗਾਇਆ ਜਾਵੇਗਾ।