ਅੰਮ੍ਰਿਤਸਰ: ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਰੀ ਦੀ ਪੁਲਿਸ ਸੁਰੱਖਿਆ ਦੇ ਬਾਵਜੂਦ ਉਸ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪੰਜ ਗੋਲੀਆਂ ਮਾਰੀਆਂ ਗਈਆਂ। ਉਹ ਮੰਦਰ ਦੇ ਬਾਹਰ ਮੂਰਤੀਆਂ (Sudhir Suri Murder Live Updates) ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ। ਗੋਲੀ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੰਦੀਪ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ।
ਘਟਨਾ ਦੇ ਸਮੇਂ, ਸੂਰੀ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸੀ। ਉਸੇ ਸਮੇਂ ਬਾਅਦ ਦੁਪਹਿਰ ਕਾਰ 'ਤੇ ਆਏ ਸੰਦੀਪ ਸਿੰਘ ਨੇ ਆ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸੁਧੀਰ ਸੂਰੀ ਦੀ ਛਾਤੀ ਵਿੱਚ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਾਰੀ ਘਟਨਾ ਦੀ ਜ਼ਿੰਮੇਵਾਰ ਗੈਂਗਸਟਰ ਲੰਡਾ ਹਰੀਕੇ ਨੇ ਲਈ ਹੈ।
ਪੋਸਟਮਾਰਟਮ ਖ਼ਤਮ, ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ: ਹਿੰਦੂ ਨੇਤਾ ਤੇ ਸ਼ਿਵ ਸੈਨਾ ਟਕਸਾਲੀ ਆਗੂ ਸੁਧੀਰ ਕੁਮਾਰ ਸੂਰੀ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਹੋ ਚੁੱਕਾ ਹੈ। ਸੁਧੀਰ ਸੂਰੀ ਦੀ ਮ੍ਰਿਤਕ ਦੇਹ ਹਸਪਤਾਲ ਪਹੁੰਚ ਚੁੱਕੀ ਹੈ ਜਿਸ ਦੀ ਪਹਿਲਾ ਸਕੈਨਿੰਗ ਕੀਤੀ ਗਈ ਸੀ। ਤਾਂ ਜੋ, ਪਤਾ ਲੱਗ ਸਕੇ ਕਿ ਕਿੰਨੀਆਂ ਗੋਲੀਆਂ ਸੁਧੀਰ ਨੂੰ ਲੱਗੀਆਂ ਸਨ। ਹਸਪਤਾਲ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਮੀਡੀਆਂ ਨੂੰ ਅੰਦਰ ਜਾਣ ਤੋਂ ਮਨਾਹੀ ਹੈ। ਜਾਣਕਾਰੀ ਮੁਤਾਬਕ, ਸੂਰੀ ਨੂੰ 4 ਗੋਲੀਆਂ ਲੱਗੀਆਂ, ਜਿਸ ਚੋ 2 ਛਾਤੀ ਕੋਲ, 1 ਮੋਢੇ ਅਤੇ 1 ਢਿੱਡ ਵਿੱਚ ਲੱਗੀ ਹੈ। ਫਿਲਹਾਲ ਡਾਕਟਰ ਵੱਲੋਂ ਅਧਿਕਾਰਤ ਰਿਪੋਰਟ ਆਉਣ ਤੱਕ ਦੀ ਉਡੀਕ ਹੈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਭੇਜ ਦਿੱਤੀ ਗਈ ਹੈ।
ਫਾਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ: ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਫਾਰੈਂਸਿਕ ਟੀਮ ਮਜੀਠਾ ਰੋਡ ਗੋਪਾਲ ਮੰਦਰ ਦੇ ਬਾਹਰ ਪੁੱਜੀ ਹੈ। ਫੋਰੈਂਸਿਕ ਟੀਮ ਵੱਲੋਂ ਉਸ ਜਗ੍ਹਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿੱਥੇ ਗੋਲੀਆਂ ਚਲਾਈਆਂ ਗਈਆਂ ਸਨ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਅੰਮ੍ਰਿਤਸਰ 'ਚ ਹਾਲ ਬਾਜ਼ਾਰ ਕਰਾਇਆ ਜਾ ਰਿਹਾ ਬੰਦ: ਅੰਮ੍ਰਿਤਸਰ ਵਿੱਚ ਹਿੰਦੂ ਜੱਥੇਬੰਦੀ ਦੀ ਅਤੇ ਟਕਸਾਲੀ ਆਗੂ ਸੁਧੀਰ ਸੂਰੀ ਦੀ ਮੌਤ ਨੂੰ ਲੈ ਕੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਦਿਖਾਈ ਦਿੱਤਾ। ਦਰਅਸਲ, ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜਿਸ ਤਹਿਤ ਅੱਜ ਪੰਜਾਬ ਬੰਦ ਹੈ।
ਸ਼ਿਵ ਸੈਨਾ ਆਗੂਆਂ ਵੱਲੋ ਪੁਲਿਸ ਪ੍ਰਸ਼ਾਸਨ 'ਤੇ ਚੁੱਕੇ ਗਏ ਸਵਾਲ: ਹਿੰਦੂ ਨੇਤਾ ਤੇ ਸ਼ਿਵ ਸੈਨਾ ਟਕਸਾਲੀ ਆਗੂ ਸੁਧੀਰ ਕੁਮਾਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਘਟਨਾ ਹੋਈ ਹੈ, ਉਸ ਤੋਂ ਪਹਿਲਾਂ ਧਰਨਾ ਬਿਲਕੁਲ ਸਹੀ ਚੱਲ ਰਿਹਾ ਸੀ। ਤਿੰਨ ਐਸਐਚਓ ਪਹਿਲਾਂ ਹੀ ਮੌਜੂਦ ਸੀ, ਪਰ ਜਦੋਂ ਏਸੀਪੀ ਨਾਰਥ ਧਰਨੇ ਅੰਦਰ ਆਏ ਤਾਂ ਸਾਨੂੰ ਡਾਇਵਰਟ ਕੀਤਾ ਗਿਆ। ਉਸ 4 ਮਿੰਟਾਂ ਦੌਰਾਨ ਸਖ਼ਸ਼ ਨੇ ਆ ਕੇ ਸੂਰੀ ਉੱਤੇ ਗੋਲੀਆਂ ਚਲਾ ਦਿੱਤੀਆਂ, ਪਰ ਏਸੀਪੀ ਨਾਰਥ ਨੇ ਆਪਣੀ ਟੀਮ ਨੂੰ ਜਵਾਬੀ ਕਾਰਵਾਈ ਕਰਨ ਲਈ ਹੁਕਮ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੱਲ੍ਹ ਜੋ ਵੀ ਹੋਇਆ, ਉਸ ਪਿਛੇ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਨੇ ਏਸੀਪੀ ਨਾਰਥ ਸਣੇ ਹੋਰ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
ਸ਼ਿਵ ਸੈਨਾ ਵੱਲੋਂ ਪੰਜਾਬ ਬੰਦ ਦੀ ਕਾਲ: ਸ਼ੁੱਕਰਵਾਰ ਨੂੰ ਦਿਨ ਦਿਹਾੜੇ ਹਿੰਦੂ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੇ ਚੱਲਦੇ ਹਿੰਦੂ ਸੰਗਠਨ ਦੇ ਆਗੂ ਵਿਪਨ ਨਈਅਰ ਨੇ ਕਿਹਾ ਕਿ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਅੰਮ੍ਰਿਤਸਰ ਬੰਦ ਦੀ ਕਾਲ (Shut down Amritsar today) ਦਿੱਤੀ ਗਈ ਹੈ ਅਤੇ ਹਿੰਦੂ ਸੰਗਠਨਾਂ ਦਾ ਸਹਿਯੋਗ ਕਰਨ ਦੀ ਗੱਲ ਕਹੀ ਗਈ।
ਗੈਂਗਸਟਰ ਲੰਡਾ ਨੇ ਪਾਈ ਪੋਸਟ: ਗੈਂਗਸਟਰ ਲੰਡਾ ਨੇ ਫੇਸਬੁੱਕ ਉੱਤੇ ਪੋਸਟ ਪਾਉਂਦਿਆ ਲਿਖਿਆ ਕਿ "ਅੱਜ ਜੋ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਦਾ ਕਤਲ ਹੋਇਆ ਹੈ, ਉਹ ਸਾਡੇ ਭਰਾਵਾਂ ਨੇ ਕੀਤਾ ਹੈ, ਤੇ ਬਾਕੀ ਵੀ ਜਿਹੜੇ ਕੌਮ ਬਾਰੇ ਜਾਂ ਕਿਸੇ ਵੀ ਧਰਮ ਬਾਰੇ ਮਾੜਾ ਬੋਲਦੇ, ਤਿਆਰੀ ਰੱਖਣ ਵਾਰੀ ਸਾਰਿਆਂ ਦੀ ਲੱਗੂਗੀ। ਸਕਿਉਰਿਟੀ ਲੈ ਕੇ ਇਹ ਨਾ ਸਮਝਣ ਕੇ ਬਚ ਜਾਣਗੇ। ਜਿਹੜੇ ਵੀ ਭਰਾ ਅੱਜ ਤੱਕ ਸਾਡੇ ਨਾਲ ਖੜ੍ਹੇ, ਜਿਨ੍ਹਾਂ ਟਾਇਮ ਸਾਡੇ ਸਾਹ ਚਲਣਗੇ, ਅਸੀਂ ਉਨ੍ਹਾਂ ਨਾਲ ਖੜਾਂਗੇ। ਅਜੇ ਤਾਂ ਸ਼ੁਰੂਆਤ ਹੋਈ ਹੈ, ਹੱਕ ਲੈਣੇ ਅਜੇ ਬਾਕੀ ਹਨ।"
ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ ਸੂਰੀ: ਜਦੋਂ ਸੂਰੀ ਨੂੰ ਗੋਲੀ ਮਾਰੀ ਗਈ ਤਾਂ ਉਨ੍ਹਾਂ ਦੇ ਨਾਲ ਕਈ ਸਮਰਥਕ ਵੀ ਮੌਜੂਦ ਸਨ। ਗੋਲੀਬਾਰੀ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਰੀ ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ। ਕੁਝ ਸਮਾਂ ਪਹਿਲਾਂ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਵੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਹੀ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ। ਹਮਲਾਵਰ ਜਿਸ ਕਾਰ ਵਿਚ ਆਇਆ ਸੀ ਉਸ ਵਿਚ ਖਾਲਿਸਤਾਨੀਆਂ ਦਾ ਸਟਿੱਕਰ ਲੱਗਾ ਹੋਇਆ ਸੀ।
'32 ਬੋਰ ਦੇ ਲਾਇਸੈਂਸੀ ਪਿਸਤੌਲ ਤੋਂ ਹੋਈ ਫਾਇਰਿੰਗ': ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅੱਤਵਾਦੀ ਘਟਨਾ ਸੀ ਜਾਂ ਕੁਝ ਹੋਰ, ਇਸ ਬਾਰੇ ਕੁਝ ਕਹਿਣਾ ਠੀਕ ਨਹੀਂ ਹੈ। ਕੀ ਇਸ ਕਤਲ ਪਿੱਛੇ ਕਿਸੇ ਸੰਗਠਨ ਦਾ ਹੱਥ ਹੈ ਜਾਂ ਇਹ ਕੋਈ ਸਾਜ਼ਿਸ਼ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਸੰਨੀ ਨੇ 32 ਬੋਰ ਦੀ ਲਾਇਸੈਂਸੀ ਪਿਸਤੌਲ ਨਾਲ 5 ਗੋਲੀਆਂ ਚਲਾਈਆਂ। ਸੂਰੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਅਜੇ ਕਹਿਣਾ ਮੁਸ਼ਕਿਲਾ ਹੈ, ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।
ਸ਼ੂਟਰ ਦੀ ਕਾਰ 'ਚੋਂ ਕਈ ਮਿਲੀਆਂ ਤਸਵੀਰਾਂ: ਸੂਰੀ ਨੂੰ ਗੋਲੀ ਮਾਰਨ ਵਾਲੇ ਸੰਦੀਪ ਦੀ ਕਾਰ ਵਿੱਚੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਤਸਵੀਰ ਵੀ ਮਿਲੀ ਹੈ। ਇਸ ਤੋਂ ਇਲਾਵਾ ਕਾਮੇਡੀਅਨ ਭਾਰਤੀ ਸਿੰਘ, ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਫੋਟੋ ਵੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਸਿੱਖਾਂ ਨਾਲ ਸਬੰਧਤ ਫੋਟੋਆਂ ਵੀ ਇਸ ਵਿੱਚ ਸ਼ਾਮਿਲ ਹਨ।
ਪੰਜਾਬ ਡੀਜੀਪੀ ਗੌਰਵ ਯਾਦਵ ਨੇ ਦਿੱਤਾ ਇਨਸਾਫ਼ ਦਾ ਭਰੋਸਾ: ਘਟਨਾ ਤੋਂ ਬਾਅਦ ਸ਼ੁਕਰਵਾਰ ਨੂੰ ਪੰਜਾਬ ਦੇ ਡੀਜੀਪੀ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਸੁਧੀਰ ਕੁਮਾਰ ਸੂਰੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ। ਉੱਥੇ ਹੀ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਭਰੋਸਾ ਦਿੱਤਾ ਕਿ ਅਸੀਂ ਪੰਜਾਬ ਵਿਚ ਲਾਅ ਐਂਡ ਆਰਡਰ ਬਣੀ ਰਹੇਗੀ। ਪੰਜਾਬ ਦੇ ਡੀਜੀਪੀ ਵੱਲੋਂ ਵੀ ਆਮ ਲੋਕਾਂ ਨੂੰ ਗ਼ਲਤ ਅਫਵਾਹ ਨਾ ਫੈਲਾਉਣ ਨੂੰ ਲੈ ਕੇ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਅੱਤਵਾਦ ਨੂੰ ਵੀ ਆਪਣੇ ਹਿੰਮਤ ਦੇ ਨਾਲ ਹੀ ਹਰਾਇਆ ਸੀ ਅਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਅਤੇ ਅੱਤਵਾਦੀਆਂ ਨੂੰ ਪੈਦਾ ਨਹੀਂ ਹੋਣ ਦੇਵਾਂਗੇ। ਮਾਮਲੇ ਦੀ ਜਾਂਚ ਐਵੀਡੈਂਸ ਆਧਾਰਿਤ ਹੋਵੇਗਾ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਹ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਗੈਂਗਸਟਰ ਲੰਡਾ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਇਹ ਪੋਸਟ