ਅੰਮ੍ਰਿਤਸਰ: ਅੱਡਾ ਟਾਂਗਰਾ ਦੇ ਨਜ਼ਦੀਕੀ ਪਿੰਡ ਛੱਜਲਵੱਡੀ ਦੀ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਵਿਚੋਂ 5 ਤੋਂ 6 ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ ਦੇ ਸਕਿਉਰਿਟੀ ਗਾਰਡ ਨੂੰ ਬੰਧਕ ਬਣਾ ਕੇ 7 ਲੱਖ 83 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਥਾਣਾ ਖਲਚੀਆ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਵਿਰਦੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਚਿੱਟੇ ਰੰਗ ਦੀ ਬਰੇਜਾ ਕਾਰ 'ਚ 5-6 ਲੁਟੇਰੇ ਬੈਂਕ ਅੰਦਰ ਦਾਖ਼ਲ ਹੋਏ। ਇਸ ਮਗਰੋਂ ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਬੈਂਕ ਮੁਲਾਜ਼ਮਾਂ ਨੂੰ ਇੱਕ ਪਾਸੇ ਇਕੱਠੇ ਕੀਤਾ ਅਤੇ ਉਹ ਬੈਂਕ 'ਚ ਪਈ 7 ਲੱਖ, 83 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਦੌਰਾਨ ਲੁਟਰੇ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਹੀ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।