ਅੰਮ੍ਰਿਤਸਰ: ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਪੈਦਾ ਹੋਏ ਹਾਲਾਤਾਂ 'ਚ ਦਿਹਾੜੀਦਾਰਾਂ ਨੂੰ ਕਈ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨਲੋਕ 1.0 ਦੇ ਪਹਿਲੇ ਪੜਾਅ 'ਚ ਧਾਰਮਿਕ ਸਥਾਨ ਖੁੱਲ੍ਹ ਗਏ ਹਨ ਪਰ ਸੰਗਤਾਂ ਦੀ ਆਮਦ ਬਹਤ ਘੱਟ ਹੈ। ਸੰਗਤਾਂ ਦੇ ਘੱਟ ਆਉਣ ਨਾਲ ਧਾਰਮਿਕ ਸਥਾਨਾਂ ਦੇ ਬਾਹਰ ਲੱਗਣ ਵਾਲੀ ਰੇਹੜੀ ਵਾਲਿਆਂ ਦਾ ਕੰਮਕਾਰ ਠੱਪ ਹੋ ਗਿਆ ਹੈ।
ਰੇਹੜੀ ਲਗਾਉਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਦਿਹਾੜੀਦਾਰ ਰੋਜ਼ ਦੀ ਕਮਾਈ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਪਰ ਅਚਾਨਕ ਹੀ ਲੌਕਡਾਊਨ ਹੋਣ ਨਾਲ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਲੌਕਡਾਊਨ ਦੀ ਸਥਿਤੀ 'ਚ ਉਨ੍ਹਾਂ ਨੂੰ ਸਰਕਾਰ ਵੱਲੋਂ ਸਰਕਾਰੀ ਰਾਸ਼ਨ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ 8 ਜੂਨ ਨੂੰ ਸਾਰੇ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਹੈ ਪਰ ਸੰਗਤਾਂ ਬਹੁਤ ਘੱਟ ਆ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਰੇਹੜੀ ਚਾਲਕਾਂ ਦਾ ਕੰਮ ਕਾਰ ਨਹੀਂ ਚੱਲ ਰਿਹਾ। ਇਸ ਦੇ ਚਲਦਿਆਂ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਬਾਰੇ ਸੋਚਦੇ ਹੋਏ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।