ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ੍ਰੀ 'ਅਖੰਡ ਪਾਠ' ਦੇ ਭੋਗ ਪਾ ਦਿੱਤੇ ਗਏ ਹਨ। ਇਸ ਮੌਕੇ ਆਪਰੇਸ਼ਨ ਬਲੂ ਸਟਾਰ ਮੌਕੇ ਮਾਰੇ ਗਏ ਕਈ ਲੋਕਾਂ ਨੂੰ ਯਾਦ ਕੀਤਾ ਜਾਵੇਗਾ। ਇਸ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਰਹੀ ਹੈ ਅਤੇ ਗੁਰਬਾਣੀ-ਕੀਰਤਨ ਦਾ ਆਨੰਦ ਮਾਣਦੀ ਹੋਈ ਨਜ਼ਰ ਆਈ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਂਅ ਸੰਦੇਸ਼: ਅੱਜ ਆਪਰੇਸ਼ਨ ਬਲੂ ਸਟਾਰ ਦੀ ਬਰਸੀਂ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਾਰੇ ਇੱਕਜੁਟ ਹੋ ਜਾਓ। ਉਨ੍ਹਾਂ ਕਿਹਾ ਕਿ ਉਸ ਵੇਲੇ ਦੀ ਭਾਰਤ ਸਰਕਾਰ ਨੇ ਦਿਲਾਂ ਉੱਤੇ ਡੂੰਘੇ ਜਖ਼ਮ ਦਿੱਤੇ ਹਨ, ਜੋ ਨਹੀਂ ਭਰਨੇ ਨਹੀਂ ਹਨ। ਸਰਕਾਰ ਚਾਹੁੰਦੀ ਹੈ ਕਿ ਸਿੱਖ 84 ਭੁੱਲ ਜਾਣ, ਇਹ ਜਖ਼ਮ ਭੁਲਾਏ ਨਹੀਂ ਜਾ ਸਕਦੇ। ਸਰਕਾਰਾਂ ਤੋਂ ਕੋਈ ਉਮੀਦ ਨਹੀਂ ਆਪ ਨੂੰ ਮਜਬੂਤ ਕਰਨ ਦੀ ਜਰੂਰਤ ਹੈ। ਅੱਜ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਹੈ। ਮਤਭੇਦ ਤੋਂ ਉਪਰ ਉੱਠਣ ਦੀ ਲੋੜ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋਣ ਦੀ ਲੋੜ ਹੈ। ਸਾਡੀਆਂ ਕੁਝ ਸੰਸਥਾਵਾਂ ਸਰਕਾਰੀ ਹੱਥਾਂ ਵਿੱਚ ਚਲੀਆਂ ਗਈਆਂ ਹਨ। ਸੰਸਥਾਵਾਂ ਨੂੰ ਝੋਲੀ ਅੱਡ ਕੇ ਇਕੱਠੇ ਹੋਣ ਦੀ ਅਪੀਲ ਹੈ। ਸਾਡੀ ਸਿੱਖ ਨੌਜਵਾਨੀ ਨੂੰ ਨਸ਼ਿਆਂ ਵਿੱਚ ਸੁੱਟਿਆ ਜਾ ਰਿਹਾ ਹੈ, ਇਨ੍ਹਾਂ ਨੂੰ ਮੋੜ ਕੇ ਅਕਾਲ ਤਖ਼ਤ ਸਾਹਿਬ ਵੱਲ ਲੈਕੇ ਆਈਏ। 84 ਦਾ ਦੁਖਾਂਤ ਸਾਨੂੰ ਮਜਬੂਤ ਕਰਦਾ ਹੈ, ਜਿੰਨਾਂ ਸਾਨੂੰ ਕੋਈ ਯਾਦ ਕਰਵਾਉਂਦਾ, ਅਸੀਂ ਉੰਨੇ ਹੀ ਮਜਬੂਤ ਹੁੰਦੇ ਜਾ ਰਹੇ ਹਾਂ।
ਦੱਸ ਦਈਏ ਕਿ ਇਸ ਮੌਕੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਅਕਾਲੀ ਬਾਬਾ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ ਤੇ ਹੋਰ ਸਿੱਖ ਆਗੂ ਵੀ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁਜੇ ਹਨ।
ਸੰਗਤ ਦਾ ਇੱਕਠ ਸ਼ੁਰੂ, ਸੁਰੱਖਿਆ ਦੇ ਪ੍ਰਬੰਧ: ਸਾਕਾ ਨੀਲਾ ਤਾਰਾ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਜਿਸ ਤੋਂ ਬਾਅਦ ਆਪਰੇਸ਼ਨ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ਸੰਦੇਸ਼ ਵੀ ਦੇਣਗੇ। ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ, ਕਮਾਂਡੋ ਅਤੇ ਅਰਧ ਸੈਨਿਕ ਬਲ ਤਾਇਨਾਤ ਹਨ। ਇਸ ਦੇ ਨਾਲ ਹੀ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਜਥੇਦਾਰ ਨੇ ਹਰਿਮੰਦਰ ਸਾਹਿਬ ਵਿੱਚ ਨਾਅਰੇਬਾਜ਼ੀ ਨਾ ਕਰਨ ਦੀ ਕੀਤੀ ਅਪੀਲ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ 18 ਜੁਲਾਈ 2006 ਦੀ ਰਾਏ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਚੁੱਕੇ ਹਨ। ਜਿਸ ਵਿੱਚ ਪੰਜ ਸਾਹਿਬਾਨ ਵੱਲੋਂ ਲਏ ਗਏ ਫੈਸਲੇ ਦਾ ਵੇਰਵਾ ਹੈ ਕਿ ਕੋਈ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਜ਼ਿੰਦਾਬਾਦ ਜਾਂ ਮੁਰਦਾਬਾਦ ਦੇ ਨਾਅਰੇ ਨਹੀਂ ਲਗਾਏਗਾ।