ਅੰਮ੍ਰਿਤਸਰ: ਕਈ ਦਿਵਿਆਂਗ ਜੋ ਵਹੀਲ ਚੇਅਰ ਦੇ ਸਹਾਰੇ ਚੱਲਦੇ ਹਨ ਉਨ੍ਹਾਂ ਦਾ ਕਾਰ ਚਲਾਉਣ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਪਰ ਅੰਮ੍ਰਿਤਸਰ ਦੇ ਇੱਕ ਮਕੈਨਿਕ ਨੇ ਦਿਵਿਆਂਗਾਂ ਦੇ ਇਸ ਅਧੂਰੇ ਸਪੁਨੇ ਨੂੰ ਪੂਰਾ ਕਰਨ ਲਈ ਇੱਕ ਵਿਨਟੇਜ ਕਾਰ ਬਣਾਈ ਹੈ। ਜੋ ਕਿ ਬੈਟਰੀ ਨਾਲ ਚਾਰਜ ਹੋ ਕੇ ਚੱਲਦੀ ਹੈ। ਵਿਨਟੇਜ ਕਾਰ ਇੱਕ ਵਾਰ ਵਿੱਚ ਚਾਰਜ ਹੋ ਕੇ 70 ਤੋਂ 80 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਮਕੈਨਿਕ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਵਰਕਸ਼ਾਪ ਹੈ ਜਿੱਥੇ ਉਹ ਕਾਰਾਂ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਰਕਸ਼ਾਪ ਦਾ ਨਾਂਅ ਪ੍ਰਿੰਸ ਖਾਲਸਾ ਮੋਟਰ ਗੈਰੇਜ ਹੈ।
ਵਿਨਟੇਜ ਕਾਰ ਦੀ ਉਸਾਰੀ
ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਵਿਨਟੇਜ ਕਾਰ ਦਿਵਿਆਂਗ ਵਿਅਕਤੀ ਲਈ ਤਿਆਰ ਕੀਤੀ ਹੈ। ਜੋ ਕਿ ਸਰਕਾਰੀ ਸਕੂਲ ਦਾ ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀ ਉਨ੍ਹਾਂ ਕੋਲ ਬੈਟਰੀ ਵਾਲੀ ਕਾਰ ਬਣਾਉਣ ਲਈ ਆਇਆ ਸੀ ਤੇ ਉਸ ਨੇ ਉਨ੍ਹਾਂ ਨੂੰ ਆਪਣੀ ਸਾਰੀ ਸਮੱਸਿਆ ਦੱਸੀ ਤੇ ਉਨ੍ਹਾਂ ਨੂੰ ਕਾਰ ਦਾ ਸਾਰਾ ਡਿਜਾਇਨ ਦੇ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਇਹ ਵਿਨਟੇਜ ਕਾਰ ਬਣਾ ਦਿੱਤੀ।
ਵਿਨਟੇਜ ਕਾਰ ਬੈਟਰੀ ਸਹਾਰੇ
ਉਨ੍ਹਾਂ ਕਿਹਾ ਕਿ ਇਸ ਵਿਨਟੇਜ ਕਾਰ ਵਿੱਚ 4 ਬੈਟਰੀਆਂ ਹਨ, ਹਰੇਕ ਬੈਟਰੀ 100 ਵਾਟ ਦੀ ਹੈ। ਉਨ੍ਹਾਂ ਨੇ ਕਿਹਾ ਉਹ ਕਈ ਵਿਨਟੇਜ ਕਾਰਾਂ ਨੂੰ ਤਿਆਰ ਕਰ ਚੁੱਕੇ ਹਨ ਪਰ ਇਹ ਕਾਰ ਆਪਣੇ ਆਪ ਵਿੱਚ ਵੱਖਰੀ ਹੈ। ਇਸ ਕਾਰ ਨਾਲ ਇੱਕ ਦਿਵਿਆਂਗ ਵਿਅਕਤੀ ਆਪਣਾ ਕਾਰ ਚਲਾਉਣ ਦਾ ਸੁਪਨਾ ਪੂਰਾ ਕਰ ਸਕਦਾ ਹੈ।
ਦਿਵਿਆਂਗ ਚਲਾ ਸਕੇਗਾ ਕਾਰ
ਗਾਹਕ ਪਰਮਵੀਰ ਸਿੰਘ ਕਿਹਾ ਕਿ ਉਹ ਕਾਦੀਆਂ ਗੁਰਦਾਸਪੁਰਾ ਦਾ ਰਹਿਣ ਵਾਲਾ ਹੈ ਅਤੇ ਸਰਕਾਰੀ ਸਕੂਲ ਦਾ ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਉਹ ਸਾਰੀਰਿਕ ਪਖੋਂ ਅਪਾਹਜ ਹੋਣ ਕਾਰਨ ਉਨ੍ਹਾਂ ਨੂੰ ਸਕੂਲ ਆਉਣ-ਜਾਣ ਵਿੱਚ ਬਹੁਤ ਦਿੱਕਤਾ ਹੋ ਰਹੀ ਸੀ ਪਰ ਜਦੋਂ ਉਨ੍ਹਾਂ ਨੂੰ ਪਤਾ ਲਗਾ ਕਿ ਅੰਮ੍ਰਿਤਸਰ 'ਚ ਇੱਕ ਮਕੈਨਿਕ ਹੈ ਜੋ ਵਿਨਟੇਜ ਕਾਰਾਂ ਨੂੰ ਬਣਾਉਣ ਦਾ ਕੰਮ ਕਰਦਾ ਹੈ। ਇਸ ਦੇ ਚਲਦੇ ਉਨ੍ਹਾਂ ਨੇ ਮਕੈਨਿਕ ਨੂੰ ਆਪਣੀ ਸਮੱਸਿਆ ਬਾਰੇ ਜਾਣੂ ਕਰਵਾਇਆ ਤਾਂ ਮਕੈਨਿਕ ਦਲਜੀਤ ਸਿੰਘ ਨੇ ਇੱਕ ਅਜਿਹੀ ਵਿਨਟੇਜ ਕਾਰ ਤਿਆਰ ਕੀਤੀ ਜਿਸ ਵਿਚ ਰੈਂਪ ਲੱਗਾ ਹੋਇਆ ਹੈ ਜਿਸ ਨਾਲ ਉਨ੍ਹਾਂ ਦੀ ਵਹੀਲ ਚੇਅਰ ਸਿੱਧੀ ਚੜ ਜਾਂਦੀ ਹੈ।