ਅੰਮ੍ਰਿਤਸਰ: ਸ਼ਹਿਰ ਵਿੱਚ ਐਤਵਾਰ ਨੂੰ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿਥੇ ਸਭ ਤੋਂ ਪਹਿਲਾਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ।
ਦੁਸਹਿਰੇ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਬਹੁਤ ਵੱਡਾ ਮੁਕੱਦਸ ਦਾ ਦਿਨ ਹੈ, ਨੇਕੀ ਦੀ ਬਦੀ 'ਤੇ ਜਿੱਤ ਦਾ ਦਿਨ ਹੈ। ਇਹ ਪ੍ਰਤੀਕ ਹੋਵੇਗਾ ਕਿ ਜਿਸ ਤਰ੍ਹਾਂ ਹਜ਼ਾਰਾਂ ਸਾਲ ਪਹਿਲਾਂ ਰਾਵਣ ਦਾ ਹੰਕਾਰ ਟੁੱਟਿਆ ਸੀ, ਉਸੇ ਤਰ੍ਹਾਂ ਅੱਜ ਦੇ ਸਮੇਂ ਕਿਸਾਨੀ ਮੁੱਦਿਆਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਹੰਕਾਰ ਟੁੱਟੇਗਾ ਅਤੇ ਭਾਜਪਾ ਆਗੂ ਪੈਰਾਂ 'ਚ ਲੋਟਣੀਆਂ ਲਾਉਂਦੇ ਨਜ਼ਰ ਆਉਣਗੇ।
ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਸਾਡੇ ਸੰਵਿਧਾਨ 'ਤੇ ਹਮਲਾ ਕਰ ਰਹੀ ਹੈ। ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬਣ 'ਚ ਲੱਗੀ ਹੋਈ ਹੈ। ਸਾਬਕਾ ਕੈਬਿਨੇਟ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ਼ ਹੈ ਮੋਦੀ ਜੀ, ਕਿ ਤੁਸੀ ਪੰਜਾਬ ਦੇ ਨੁਮਾਇੰਦਿਆਂ ਦੀ ਆਵਾਜ਼ ਦੱਬ ਰਹੇ ਹੋ।
ਸਾਬਕਾ ਮੰਤਰੀ ਨੇ ਕਿਹਾ ਕਿ ਉਹ ਅੱਜ ਸੰਖਨਾਦ ਕਰਦੇ ਹਨ ਕਿ ਇਸ ਸਰਬੱਤ ਦੇ ਭਲੇ ਦੀ ਲੜਾਈ ਵਿੱਚ ਟੁੱਟੀਏ ਅਤੇ ਟੁੱਟ ਕੇ ਕੇਂਦਰ ਸਰਕਾਰ ਨੂੰ ਪਈਏ ਅਤੇ ਇੱਕ ਮਿਸਾਲ ਪੈਦਾ ਕਰੀਏ।
ਸਿੱਧੂ ਨੇ ਕਿਹਾ ਕਿ ਇਹ ਸਰਕਾਰਾਂ ਕਿਸਾਨਾਂ ਕਰਕੇ ਹੀ ਜਾਣੀਆਂ ਜਾਂਦੀਆਂ ਹਨ ਤੇ ਅੱਜ ਇਹ ਕੇਂਦਰ ਸਰਕਾਰ ਇੱਕ ਫ਼ੀਸਦੀ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕੇਂਦਰ ਸਰਕਾਰ 5 ਲੱਖ ਕਰੋੜ ਰੁਪਇਆ ਅੰਬਾਨੀਆਂ ਤੇ ਅਡਾਨੀਆਂ ਨੂੰ ਛੱਡਦੇ ਹਨ ਤੇ ਇਸਨੂੰ ਇਨਸੈਂਟਿਵ ਦਾ ਨਾਂਅ ਦਿੰਦੇ ਹਨ ਪਰ ਜਦੋਂ ਕਿਸਾਨਾਂ ਨੂੰ ਕੁੱਝ ਦੇਣ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਸਬਸਿਡੀ ਕਹਿੰਦੇ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਜਿਹੜੇ ਇਹ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਆਵਾਜ਼ ਚੁੱਕੀ ਗਈ ਹੈ, ਉਸ ਲਈ ਉਹ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਨੂੰ ਵਧਾਈ ਦਿੰਦੇ ਹਨ ਕਿ ਇਨ੍ਹਾਂ ਵਿਰੁੱਧ ਮਤੇ ਪਾਸ ਕਰਕੇ ਇਹ ਕਾਲੇ ਕਾਨੂੰਨਾਂ ਦੇ ਮੂੰਹ 'ਤੇ ਚਪੇੜ ਮਾਰੀ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਇਕਮੁੱਠ ਅਤੇ ਇਕਜੁੱਟ ਹੋ ਕੇ ਇਸ ਸੰਘਰਸ਼ 'ਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਵਜੂਦ ਦਾ ਸੰਘਰਸ਼ ਹੈ ਅਤੇ ਆਖ਼ਰੀ ਦਮ ਤੱਕ ਇਹ ਸੰਘਰਸ਼ ਲੜਿਆ ਜਾਵੇਗਾ।