ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਬੇਰੁਜ਼ਗਾਰੀ ਤੇ ਨਸ਼ੇ ਦੇ ਕਾਰਨ ਨੌਜਵਾਨ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜ਼ਾਮ ਦੇ ਰਹੇ ਹਨ। ਕੁੱਝ ਪੈਸਿਆਂ ਦੀ ਖਾਤਿਰ ਇਹ ਲੋਕ ਵੱਡੀ ਘਟਨਾ ਨੂੰ ਵੀ ਅੰਜ਼ਾਮ ਦੇ ਦਿੰਦੇ ਹਨ, ਇਨ੍ਹਾਂ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਖੌਂਫ ਨਹੀਂ ਰਿਹਾ। ਇੱਥੋਂ ਤੱਕ ਕਿ ਇਹ ਲੋਕ ਸੜਕਾਂ ਤੇ ਬਜ਼ਾਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੀਆ ਤੋਂ ਵੀ ਨਹੀਂ ਡਰਦੇ ਕਿ ਸਾਡੀ ਫੋਟੋ ਕੈਮਰੇ ਵਿੱਚ ਆਉਣ ਉੱਤੇ ਪਤਾ ਲੱਗ ਸਕਦਾ ਹੈ।
ਅਜਿਹਾ ਹੀ ਲੁੱਟ ਦਾ ਮਾਮਲਾ ਦਿਨ-ਦਿਹਾੜੇ ਅੰਮ੍ਰਿਤਸਰ ਦੀ ਪੁਲਿਸ ਲਾਈਨ ਦੇ ਕੋਲ ਵਾਪਰਿਆ, ਜਿੱਥੇ ਇੱਕ ਪ੍ਰਵਾਸੀ ਨੌਜਵਾਨ ਜੋ ਕੀ ਪੈਦਲ ਆਪਣੇ ਫੋਨ ਉੱਤੇ ਗੱਲ ਕਰਦਾ ਜਾ ਰਿਹਾ ਸੀ। ਜਿਸ ਦੇ ਪਿੱਛੋ ਦੀ ਮੋਟਰਸਾਇਕਲ ਉੱਤੇ ਸਵਾਰ 2 ਨੌਜਵਾਨਾਂ ਵੱਲੋਂ ਉਸ ਪ੍ਰਵਾਸੀ ਨੌਜਵਾਨ ਦਾ ਮੋਬਾਇਲ ਫੋਨ ਖੋਹ ਲਿਆ। ਪਰ ਪੀੜਤ ਨੌਜਵਾਨ ਨੇ ਹਿੰਮਤ ਨਹੀਂ ਹਾਰੀ, ਉਸ ਨੇ ਫੁਰਤੀ ਨਾਲ ਮੋਟਰਸਾਇਕਲ ਉੱਤੇ ਸਵਾਰ ਲੁਟੇਰਿਆਂ ਵਿੱਚੋਂ ਇੱਕ ਨੂੰ ਪਿੱਛੋ ਦੀ ਫੜ੍ਹ ਲਿਆ। ਜਿਸ ਤੋਂ ਬਾਅਦ ਨੌਜਵਾਨ ਨੇ ਦੋਵੇਂ ਲੁਟੇਰਿਆਂ ਨੂੰ ਕਾਬੂ ਕਰਕੇ ਮੌਕੇ ਉੱਤੇ ਹੀ ਪੁਲਿਸ ਨੂੰ ਇਤਲਾਹ ਦਿੱਤੀ ਗਈ।
ਇਸ ਦੌਰਾਨ ਹੀ ਮੌਕੇ ਵਾਰਦਾਤ ਉੱਤੇ ਪੁਲਿਸ ਅਧਿਕਾਰੀ ਵੀ ਪੁੱਜੇ ਅਤੇ ਤਲਾਸ਼ੀ ਦੌਰਾਨ ਨੌਜਵਾਨ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਇਸ ਦੌਰਾਨ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਪੀੜਤ ਨੌਜਵਾਨ ਨੇ ਹੀ ਬਹਾਦੁਰੀ ਦੇ ਨਾਲ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ, ਉਹ ਕੀਤੀ ਜਾਵੇਗੀ। ਉੱਥੇ ਹੀ ਫੜ੍ਹੇ ਗਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਚੋਰੀ ਦਾ ਕੰਮ ਪਹਿਲੀ ਵਾਰ ਕੀਤਾ ਹੈ।