ਅੰਮ੍ਰਿਤਸਰ: ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਹੋਣ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਦੇ ਖਿਲਾਫ਼ ਸ਼ੋਸਲ ਮੀਡੀਆ ਉੱਤੇ ਲਗਾਤਾਰ ਵਿਵਾਦ ਛਿੜਦਾ ਜਾ ਰਿਹਾ ਹੈ। ਜਲ੍ਹਿਆਂਵਾਲੇ ਬਾਗ ਵਿੱਚ ਹੋਏ ਨਵੀਨੀਕਰਨ ਦੀਆਂ ਤਸਵੀਰਾਂ ਅਤੇ ਪੁਰਾਣੇ ਜਲ੍ਹਿਆਂਵਾਲੇ ਬਾਗ਼ ਦੀਆਂ ਤਸਵੀਰਾਂ ਇਕੱਠੀਆਂ ਕਰ ਕੇ ਇਤਿਹਾਸ ਨਾਲ ਛੇੜਛਾੜ ਕਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ।
ਜਿਸ ਤੋਂ ਬਾਅਦ ਦੇ ਐਂਟੀ ਟੈਰਰਿਸਟ ਫਰੰਟ (Anti Terrorist Front) ਦੇ ਪ੍ਰਧਾਨ ਮਨਿੰਦਰ ਬਿੱਟਾ ਆਪਣੇ ਸਾਥੀਆਂ ਨਾਲ ਜਲ੍ਹਿਆਂਵਾਲਾ ਬਾਗ ਵਿੱਚ ਪਹੁੰਚੇ ਅਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਿੰਦਰ ਬਿੱਟਾ ਨੇ ਕਿਹਾ ਕਿ ਜੋ ਵੀ ਜਲ੍ਹਿਆਂਵਾਲੇ ਬਾਗ ਦਾ ਸੁੰਦਰੀਕਰਨ ਹੋਇਆ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਕੋਈ ਇਤਿਹਾਸ ਨਾਲ ਛੇੜਛਾੜ ਨਹੀਂ ਹੋਈ। ਬਿੱਟਾ ਨੇ ਕਿਹਾ ਕਿ ਵਿਰੋਧੀ ਸਿਰਫ਼ ਗੱਲਾਂ ਕਰਨ ਜੋਗੇ ਹੀ ਹਨ।
ਉਨ੍ਹਾਂ ਨੇ ਕਿਹਾ ਕਿ ਜੋ ਪੁਰਾਣੀਆਂ ਚੀਜ਼ਾਂ ਨੂੰ ਬਦਲ ਕੇ ਨਵੀਂ ਦਿੱਖ ਦਿੱਤੀ ਗਈ ਹੈ ਉਹ ਵੀ ਬਹੁਤ ਵਧੀਆ ਹੈ। ਜਿਸ ਵਿੱਚ ਸ਼ਹੀਦਾਂ ਦੇ ਮਾਟੋ ਬਣਾ ਕੇ ਤਿਆਰ ਕੀਤੇ ਗਏ ਹਨ ਤਾਂ ਜੋ ਲੋਕ ਅੰਦਰ ਆਉਂਦਿਆਂ ਹੀ ਦੇਖ ਸਕਣ ਕਿ ਕਿਸ ਤਰ੍ਹਾਂ 13 ਅਪ੍ਰੈਲ 1919 ਨੂੰ ਲੋਕ ਹੱਸਦੇ-ਖੇਡਦੇ ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਆਏ ਸਨ ਪਰ ਬਾਹਰ ਨਹੀਂ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਪੁਰਾਣੀ ਬਿਲਡਿੰਗ ਨੂੰ ਨਾ ਬਦਲਦੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਪੁਰਾਣੀ ਬਿਲਡਿੰਗ ਕਿਸੇ ਨਾ ਕਿਸੇ ਉੱਪਰ ਡਿੱਗ ਸਕਦੀ ਸੀ।
ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਵਿਰੋਧ !