ਅੰਮ੍ਰਿਤਸਰ: ਪਿਛਲੇ ਹਫ਼ਤੇ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਇਥੇ ਪੁੱਜੇ ਭਾਰਤੀ ਕੈਦੀਆਂ ਵਿੱਚੋਂ ਇੱਕ ਕੈਦੀ ਸੋਨੂੰ ਸਿੰਘ ਨੂੰ ਉਸਦਾ ਪਿਤਾ ਅਤੇ ਚਾਚਾ ਘਰ ਲੈ ਗਏ। ਸੋਨੂੰ ਸਿੰਘ ਨੂੰ ਕੋਰੋਨਾ ਦੇ ਚਲਦੇ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਵਿੱਚ ਇਕਾਂਤਵਾਸ ਲਈ ਰੱਖਿਆ ਗਿਆ ਸੀ।
ਐਤਵਾਰ ਨੂੰ ਸੋਨੂੰ ਸਿੰਘ ਦਾ ਪਿਤਾ ਤੇ ਚਾਚਾ ਉਸ ਨੂੰ ਉੱਤਰ ਪ੍ਰਦੇਸ਼ ਘਰ ਲੈ ਕੇ ਜਾਣ ਲਈ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਵਿਖੇ ਹਸਪਤਾਲ ਪੁੱਜੇ। ਇਸ ਦੌਰਾਨ ਗੱਲਬਾਤ ਕਰਦਿਆਂ ਸੋਨੂੰ ਸਿੰਘ ਨੇ ਕਿਹਾ ਉਹ ਆਪਣੀ ਘਰ ਵਾਪਸੀ ਨੂੰ ਲੈ ਕੇ ਬਹੁਤ ਖ਼ੁਸ਼ ਹੈ।
ਸੋਨੂੰ ਸਿੰਘ ਨੇ ਦੱਸਿਆ ਕਿ ਉਹ ਪਾਕਿਸਤਾਨ ਵਿੱਚ 9 ਸਾਲ ਜੇਲ੍ਹ ਵਿੱਚ ਰਿਹਾ ਅਤੇ ਸਜ਼ਾ ਪੂਰੀ ਹੋਣ ਬਾਅਦ ਭਾਰਤ ਪੁੱਜਿਆ ਹੈ। ਉਸ ਨੇ ਦੱਸਿਆ ਕਿ ਉਹ ਪਰਿਵਾਰ ਨੂੰ ਕੰਮ ਕਰਨ ਬਾਰੇ ਕਹਿ ਕੇ ਦਿੱਲੀ ਵੱਲ ਆਇਆ ਸੀ ਅਤੇ ਭਟਕਦਾ ਹੋਇਆ ਅੰਮ੍ਰਿਤਸਰ ਪੁੱਜ ਕੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪੁੱਜ ਗਿਆ ਸੀ। ਅੱਜ ਉਹ ਆਪਣੀ ਘਰ ਵਾਸੀ ਨੂੰ ਲੈ ਕੇ ਬਹੁਤ ਹੀ ਖ਼ੁਸ਼ ਹੈ।
ਪਿਤਾ ਰੌਸ਼ਨ ਸਿੰਘ ਨੇ ਦੱਸਿਆ ਕਿ ਉਹ ਇਥੇ ਸੋਨੂੰ ਸਿੰਘ ਨੂੰ ਲੈ ਜਾਣ ਲਈ ਉਸਦੇ ਚਾਚੇ ਸਮੇਤ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਸੋਨੂੰ ਦੇ ਪਾਕਿਸਤਾਨ ਤੋਂ ਇੱਧਰ ਆਉਣ ਅਤੇ ਅੰਮ੍ਰਿਤਸਰ ਵਿੱਚ ਹੋਣ ਬਾਰੇ ਪੁਲਿਸ ਅਧਿਕਾਰੀਆਂ ਨੇ ਸੂਚਿਤ ਕੀਤਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਉਹ 10 ਸਾਲਾਂ ਬਾਅਦ ਆਪਣੇ ਮੁੰਡੇ ਨੂੰ ਮਿਲ ਕੇ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਸੋਨੂੰ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਵਜ੍ਹਾ ਕਾਰਨ ਉਹ ਦਿੱਲੀ ਕੰਮ ਕਰਨ ਆਇਆ ਭਟਕ ਕੇ ਪਾਕਿਸਤਾਨ ਪੁੱਜ ਗਿਆ ਸੀ। ਉਹ ਬਹੁਤ ਖ਼ੁਸ਼ ਹਨ ਕਿ ਉਹ ਅੱਜ ਸੋਨੂੰ ਸਿੰਘ ਘਰ ਵਾਪਸ ਲਿਜਾ ਰਹੇ ਹਨ।