ਅੰਮ੍ਰਿਤਸਰ: 1919 'ਚ ਜਲ੍ਹਿਆਂਵਾਲਾ ਬਾਗ ਵਿੱਚ ਬ੍ਰਿਟਿਸ਼ ਹਕੂਮਤ ਵੱਲੋਂ ਕੀਤੇ ਗਏ ਕਤਲੇਆਮ ਲਈ ਇੰਗਲੈਂਡ ਦੀ ਚਰਚ ਦੇ ਬਿਸ਼ਪ ਜਸਟਿਨ ਵੇਲਬੀ ਵੱਲੋਂ ਮਾਫ਼ੀ ਮੰਗੀ ਗਈ ਹੈ ਜਿਸ ਦਾ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਸਵਾਗਤ ਕੀਤਾ ਹੈ। ਇੱਕ ਪਾਸੇ ਜਿੱਥੇ ਇਸ ਕਤਲੇਆਮ ਲਈ ਬ੍ਰਿਟਿਸ਼ ਲੋਕ ਸ਼ਰਮਿੰਦਾ 'ਤੇ ਦੁਖੀ ਹਨ, ਉੱਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਇਸ ਕਤਲੇਆਮ ਵਿੱਚ ਸ਼ਹੀਦ ਹੋਏ ਪੀੜਤ ਪਰਿਵਾਰਾਂ ਨੂੰ ਭੁੱਲੀ ਬੈਠੀ ਹੈ।
ਭਾਰਤ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪੀੜਤ ਪਰਿਵਾਰ ਆਪਣੀ ਜ਼ਿੰਦਗੀ 'ਚ ਦਰਦ ਝੇਲ ਰਹੇ ਹਨ। ਜਲ੍ਹਿਆਂਵਾਲਾ ਬਾਗ਼ ਸ਼ਹੀਦ ਫਾਉਂਡੇਸ਼ਨ ਦੇ ਪ੍ਰਧਾਨ ਸੁਨੀਲ ਕਪੂਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰ ਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ ਹੈ। ਇਸ ਲਈ ਪਹਿਲਾਂ ਭਾਰਤ ਸਰਕਾਰ ਨੂੰ ਉਨ੍ਹਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ ਬ੍ਰਿਟਿਸ਼ਰਜ਼ ਤਾਂ ਫ਼ਿਰ ਵੀ ਬਾਹਰ ਦੇ ਹਨ।
ਸੁਨੀਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ ਤੱਕ ਨਹੀਂ ਦਿੱਤਾ। ਉਸ ਸਰਕਾਰ ਕੋਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆਰਚਬਿਸ਼ਪ ਨੇ ਜਿਹੜੀ ਮਾਫ਼ੀ ਮੰਗੀ ਹੈ ਉਹ ਉਸ ਦਾ ਸਵਾਗਤ ਕਰਦੇ ਹਨ। ਸੁਨੀਲ ਕਪੂਰ ਨੇ ਕਿਹਾ ਕਿ ਇਸ ਤੋ ਪਹਿਲਾ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਮਹਾਰਾਨੀ ਐਲਿਜ਼ਾਬੈਥ ਨੇ ਸਿਰਫ਼ ਇਸ ਸਾਕੇ 'ਤੇ ਦੁੱਖ ਹੀ ਪ੍ਰਗਟ ਕੀਤਾ ਸੀ ਪਰ ਕਦੇ ਵੀ ਮਾਫ਼ੀ ਨਹੀਂ ਮੰਗੀ।
ਦੱਸ ਦਈਏ ਕਿ ਇੰਗਲੈਂਡ ਦੀ ਚਰਚ ਦੇ ਬਿਸ਼ਪ ਜਸਟਿਨ ਵੇਲਬੀ ਨੇ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇੱਕ ਧਾਰਮਿਕ ਗੁਰੂ ਹੋਣ ਦੇ ਨਾਤੇ ਬ੍ਰਿਟਿਸ਼ ਸਰਕਾਰ ਦੀ ਫ਼ੌਜ ਵੱਲੋਂ ਸੰਨ 1919 ਵਿੱਚ ਜਲ੍ਹਿਆਂਵਾਲਾ ਬਾਗ 'ਚ ਕਿਤੇ ਗਏ ਪਾਪ ਲਈ ਮਾਫੀ ਮੰਗੀ ਹੈ ਤੇ ਕਿਹਾ ਕਿ ਭਾਵੇਂ ਕਿ ਉਹ ਬ੍ਰਿਟਿਸ਼ ਫ਼ੌਜ ਦੇ ਅਧਿਕਾਰੀ ਨਹੀਂ ਹਨ ਪਰ ਫ਼ਿਰ ਵੀ ਉਹ ਭਗਵਾਨ ਨੂੰ ਹਾਜ਼ਰ ਮੰਨ ਕੇ ਬ੍ਰਿਟਿਸ਼ ਹਕੂਮਤ ਦੇ ਇਸ ਕਾਰੇ ਲਈ ਮੁਆਫੀ ਮੰਗਦੇ ਹਨ ਤੇ ਉਨ੍ਹਾਂ ਨੂੰ ਇਸ ਦਾ ਬਹੁਤ ਦੁੱਖ ਹੈ।