ਅਮ੍ਰਿਤਸਰ: ਸਥਾਨਕ ਸ਼ਹਿਰ ਦਾ ਇੱਕ ਪਰਿਵਾਰ ਪਾਕਿਸਤਾਨ 'ਚ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਗਿਆ ਸੀ ਜੋ ਕਿ ਕੋਰੋਨਾ ਕਰਕੇ ਲੱਗੀ ਤਾਲਾਬੰਦੀ ਕਾਰਨ ਉੱਥੇ ਹੀ ਫਸ ਕੇ ਰਹਿ ਗਿਆ ਹੈ। ਪਾਕਿਸਤਾਨ ਵਿੱਚ ਫਸੇ ਪਰਿਵਾਰ ਦੇ ਭਾਰਤ ਵਿੱਚ ਰਹਿਣ ਵਾਲੇ ਪਰਿਵਾਰ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਕੋਲ਼ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪਾਕਿਸਤਾਨ ਵਿਚ ਫਸੇ ਪਰਿਵਾਰਾਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ।
ਅਮ੍ਰਿਤਸਰ ਦੇ ਇਕ ਪੰਜਾਬੀ ਪਰਿਵਾਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੋਵੇਂ 2 ਮਹੀਨੇ ਪਹਿਲਾਂ ਪਾਕਿਸਤਾਨ ਵਿਚ ਗੁਰੂ ਘਰ ਦੇ ਦਰਸ਼ਨਾਂ ਲਈ ਗਏ ਸਨ ਤੇ ਲੌਕਡਾਊਨ ਹੋਣ ਕਰਕੇ ਉੱਥੇ ਹੀ ਫਸ ਗਏ। ਉਥੇ ਇੱਕ ਪਾਕਿਸਤਾਨ 'ਚ ਸਿੱਖ ਪਰਿਵਾਰ ਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਹੁਣ ਉਹ ਹੀ ਉਨ੍ਹਾਂ ਦੀ ਦੇਖਭਾਲ ਵੀ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮਾਤਾ ਪਿਤਾ ਨੂੰ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਹੈ ਤੇ ਉਹ ਇਥੋਂ ਜਿੰਨੀ ਦਵਾਈ ਲੈ ਕੇ ਗਏ ਸਨ, ਉਹ ਵੀ ਉਨ੍ਹਾਂ ਦੀ ਖ਼ਤਮ ਹੋ ਚੁੱਕੀ ਹੈ ਤੇ ਦਵਾਈ ਪਾਕਿਸਤਾਨ ਤੋ ਮਿਲ ਵੀ ਨਹੀਂ ਰਹੀ। ਇਸ ਕਰਕੇ ਉਨ੍ਹਾਂ ਦੇ ਪਰਿਵਾਰ ਦਾ ਪਾਕਿਸਤਾਨ ਵਿਚ ਬੁਰਾ ਹਾਲ ਹੈ ਤੇ ਉਹ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪਾਕਿਸਤਾਨ ਵਿਚ ਫਸੇ ਪਰਿਵਾਰਾਂ ਨੂੰ ਛੇਤੀ ਭਾਰਤ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਕਰੀਬ 300 ਭਾਰਤੀ ਪਰਿਵਾਰ ਫਸੇ ਹੋਏ ਹਨ।