ਅੰਮ੍ਰਿਤਸਰ: ਤਰਸਿੱਕਾ ਥਾਣਾ ਅਧੀਨ ਪੈਂਦੇ ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। 7 ਵਿਅਕਤੀਆਂ ਦੀ ਵੀਰਵਾਰ ਰਾਤ ਤੱਕ ਮੌਤ ਹੋ ਚੁੱਕੀ ਸੀ, ਜਦਕਿ 4 ਵਿਅਕਤੀਆਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਪੀੜਤ ਪਰਿਵਾਰਾਂ ਨੇ ਪੁਲਿਸ ਨੂੰ ਦੱਸੇ ਬਗੈਰ ਹੀ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਦਿੱਤਾ।
ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਐਸਆਈਟੀ ਦਾ ਗਠਨ ਕਰਨ ਦੇ ਇਲਾਵਾ ਥਾਣਾ ਤਰਸਿੱਕਾ ਦੇ ਮੁਖੀ ਬਿਕਰਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਛਲ ਪਿੰਡ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਬਲਵਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ।
ਪਿੰਡ ਵਾਸੀਆਂ ਦੀ ਕਹਿਣਾ ਹੈ ਕਿ ਪੁਲਿਸ ਨੂੰ ਕਈ ਵਾਰ ਉਕਤ ਖਿਲਾਫ ਸ਼ਿਕਾਇਤ ਕਰ ਚੁੱਕੇ ਹਨ ਪਰ ਪੁਲਿਸ ਹਮੇਸ਼ਾ ਹੀ ਕਾਰਵਾਈ ਕਰਨ ਤੋਂ ਟਾਲਾ ਵੱਟਦੀ ਰਹੀ। ਮੰਗਲਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜ਼ਨ ਦੇ ਕਰੀਬ ਸ਼ਰਾਬੀਆਂ ਦੀ ਤਬੀਅਤ ਖਰਾਬ ਹੋ ਗਈ। ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਬੁੱਧਵਾਰ ਦੇਰ ਰਾਤ ਤੱਕ ਪੰਜ ਸ਼ਰਾਬੀ ਦਮ ਤੋੜ ਗਏ। ਬਿਮਾਰ ਪਏ ਸ਼ਰਾਬੀਆਂ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਆਉਣ 'ਤੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਵੀਰਵਾਰ ਦੇਰ ਰਾਤ 2 ਹੋਰ ਵਿਅਕਤੀ ਦਮ ਤੋੜ ਗਏ। ਸ਼ੁੱਕਰਵਾਰ ਦੀ ਚੜ੍ਹਦੀ ਸਵੇਰ ਹੋਰ 4 ਜਣਿਆ ਦੀ ਮੌਤ ਹੋ ਗਈ। ਹੁਣ ਤੱਕ ਮੁੱਛਲ ਪਿੰਡ ਵਿੱਚੋਂ ਤਿਆਰ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਪੀਣ ਨਾਲ 11 ਜਣਿਆ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ।
ਉੱਥੇ ਹੀ ਸਾਬਕਾ ਸਰਪੰਚ ਤੇ ਸਾਬਕਾ ਵਿਧਾਇਕ ਨੇ ਇਹ ਸਾਰਾ ਦੋਸ਼ ਪ੍ਰਸ਼ਾਸਨ 'ਤੇ ਲਗਾਉਂਦਿਆ ਕਿਹਾ ਕਿ ਸਰਕਾਰ ਦੇ ਆਗੂ ਤੇ ਪੁਲਿਸ ਅਧਿਕਾਰੀ ਸ਼ਰੇਆਮ ਨਸ਼ਾ ਵਿਕਵਾ ਰਹੇ ਹਨ। ਉੱਥੇ ਸ਼ਰਾਬ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਬਲਵਿੰਦਰ ਕੌਰ ਦੀ ਰਿਸ਼ਤੇਦਾਰ ਨੇ ਕਿਹਾ ਕਿ ਉਸਦੀ ਮਾਮੀ ਪਿਛਲੇ 15 - 20 ਸਾਲ ਤੋਂ ਸ਼ਰਾਬ ਵੇਚ ਰਹੀ ਸੀ। ਉਸ ਵੇਲੇ ਤਾਂ ਕੁਝ ਨਹੀਂ ਹੋਇਆ। ਇਸ ਦੇ ਨਾਲ ਹੀ ਕਿਹਾ ਕਿ ਪੁਲਿਸ ਨੇ ਬਲਵਿੰਦਰ ਕੌਰ ਨੂੰ ਇਕੱਲੇ ਕਿਉਂ ਫੜਿਆ ਅਤੇ ਕਈ ਲੋਕ ਹੋਰ ਵੀ ਸ਼ਰਾਬ ਵੇਚਦੇ ਹਨ।