ਅੰਮ੍ਰਿਤਸਰ: ਪੰਜਾਬ ਦਾ ਸ਼ਾਇਦ ਹੀ ਕੋਈ ਇਲਾਕਾ ਹੋਵੇਗਾ, ਜਿੱਥੇ ਹਰ ਰੋਜ਼ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਨਾ ਹੁੰਦੀਆਂ ਹੋਣ। ਇਕ ਪਾਸੇ ਸੂਬੇ ਦੇ ਕਾਨੂੰਨ ਪ੍ਰਬੰਧ ਉੱਤੇ ਵੱਡੇ ਸਵਾਲ ਉੱਠ ਰਹੇ ਹਨ ਤੇ ਦੂਜੇ ਪਾਸੇ ਲੋਕਾਂ ਦਾ ਭਰੋਸਾ ਵੀ ਪੁਲਿਸ ਪ੍ਰਸ਼ਾਸਨ ਤੋਂ ਉੱਠਦਾ ਜਾਪ ਰਿਹਾ ਹੈ। ਪਰ ਤਾਜਾ ਮਾਮਲਾ ਇਕ ਵਾਰ ਜਰੂਰ ਹੈਰਾਨ ਕਰੇਗਾ ਕਿ ਇਨ੍ਹਾਂ ਘਟਨਾਵਾਂ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਇਕ ਪੱਤਰਕਾਰ ਦਾ ਆਪਣਾ ਸ਼ੋਅਰੂਮ ਚੋਰਾਂ ਦੇ ਨਿਸ਼ਾਨੇਂ ਉੱਤੇ ਆਇਆ ਹੈ ਤੇ ਇਸ ਸ਼ੋਅਰੂਮ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਣ ਦੀ ਖਬਰ ਹੈ।
ਸ਼ਟਰ ਤੋੜ ਕੇ ਲੁੱਟਿਆ ਸਾਮਾਨ: ਦਰਅਸਲ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਏਰੀਏ ਵਿੱਚ ਇਸ ਪੱਤਰਕਾਰ ਦਾ ਮੋਬਾਈਲਾਂ ਦਾ ਸ਼ੋਅਰੂਮ ਹੈ, ਜਿਸ ਵਿੱਚ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਇਸ ਸ਼ੋਅਰੂਮ ਦੇ ਦੁਕਾਨਦਾਰ ਗੁਰਦਰਸ਼ਨ ਸਿੰਘ (ਇਕ ਵੱਡੇ ਮੀਡੀਆ ਅਦਾਰੇ ਦਾ ਪੱਤਰਕਾਰ) ਨੇ (The theft of millions in the journalist's showroom) ਬਿਆਸ ਪੁਲਿਸ ਨੂੰ ਹੈਰਾਨ ਕਰਨ ਵਾਲੀ ਸ਼ਿਕਾਇਤ ਦਿੱਤੀ ਹੈ। ਪੱਤਰਕਾਰ ਗੁਰਦਰਸ਼ਨ ਸਿੰਘ ਦੇ ਮੁਤਾਬਿਕ ਬੇਖੌਫ ਚੋਰਾਂ ਨੇ ਐਤਵਾਰ ਤੜਕਸਾਰ ਵੱਡੇ ਹਥਿਆਰ ਨਾਲ ਪਹਿਲਾਂ ਸ਼ੋਅਰੂਮ ਦਾ ਸ਼ਟਰ ਤੋੜਿਆ ਤੇ ਫਿਰ ਅੰਦਰੋਂ ਵੱਖ-ਵੱਖ ਲਾਕਰ ਤੋੜ ਕੇ ਨਵੇਂ ਅਤੇ ਪੁਰਾਣੇ ਮੋਬਾਈਲ ਫੋਨ ਸਣੇ ਮੋਬਾਇਲ ਐਸੈਸਰੀ, (Thieves took mobile phone and other items) ਇਲੈਕਟ੍ਰੋਨਿਕ ਸਾਮਾਨ, ਡਾਟਾ ਸਟੋਰੇਜ ਹਾਰਡ ਡਰਾਈਵ ਕੈਮਰਾ ਤੇ ਸ਼ੋਅਰੂਮ ਦੀ ਨਗਦੀ ਚੋਰੀ ਕਰ ਲਈ ਹੈ। ਇਸ ਤੋਂ ਇਲਾਵਾ ਚੋਰ ਆਪਣੇ ਨਾਲ ਸ਼ੋਅਰੂਮ ਦੇ ਕੁੱਝ ਜ਼ਰੂਰੀ ਕਗਜ਼ ਵੀ ਲੈ ਗਏ ਹਨ।
ਇਹ ਵੀ ਪੜ੍ਹੋ: ਮੋਗਾ ਵਿਖੇ ਹਾਦਸੇ 'ਚ 6 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਕਾਰ ਨਾਲ ਟਕਰਾਇਆ ਮ੍ਰਿਤਕ ਦਾ ਮੋਟਰਸਾਈਕਲ
ਸੀਸੀਟੀਵੀ ਦੀ ਫੁਟੇਜ ਪੜਤਾਲ ਜਾਰੀ : ਇਹ ਵੀ ਜ਼ਿਕਰਯੋਗ ਹੈ ਕਿ ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਤੇ ਪੁਲਿਸ ਇਸਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਬਿਆਸ ਥਾਣੇ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉੱਤੇ ਉਹ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਫਿਲਹਾਲ ਸ਼ੋਅਰੂਮ ਅਤੇ ਨੇੜਲੀਆਂ ਥਾਂਵਾਂ ਤੋਂ ਸੀਸੀਟੀਵੀ ਦੀ ਫੁਟੇਜ ਹਾਸਿਲ ਕਰ ਲਈ ਗਈ ਹੈ ਅਤੇ ਇਸ ਦੇ ਆਧਾਰ ਉੱਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਮੋਬਾਇਲ ਨੰਬਰ ਕੀਤਾ ਜਾਰੀ: ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਵੱਲੋਂ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਵੀ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਆਸ ਐੱਸਐੱਚਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਮੀਡੀਆ ਨੂੰ ਘਟਨਾ ਨੂੰ ਅੰਜਾਮ ਦੇਣ ਵਾਲੇ ਉਕਤ ਚੋਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ (Police investigating through CCTV footage) ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਇਸ ਸੰਬੰਧੀ ਸੂਚਨਾ ਦੇਣ ਲਈ ਮੋਬਾਇਲ ਨੰਬਰ 97800-03309 ਤੋਂ ਇਲਾਵਾ ਹੋਰ ਨੰਬਰ ਵੀ ਜਾਰੀ ਕੀਤੇ ਹਨ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।