ਅਜਨਾਲਾ: ਖੇਤੀ ਬਿੱਲਾਂ ਦੇ ਵਿਰੋਧ ਨੂੰ ਵੇਖਦੇ ਹੋਏ ਹੁਣ ਭਾਜਪਾ ਨੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਪੱਖਪਾਤ ਨਾ ਹੋਣ ਲਈ ਜਾਗਰੂਕ ਕਰਨ ਵੱਲ ਕਦਮ ਵਧਾਏ ਹਨ। ਪੰਜਾਬ ਵਿੱਚ ਵੀ ਭਾਜਪਾ ਆਗੂ ਰੋਹ ਵਿੱਚ ਆਏ ਕਿਸਾਨ ਦੇ ਰੋਹ ਨੂੰ ਠੰਢਾ ਕਰਨ ਵਿੱਚ ਲੱਗ ਗਏ ਹਨ।
ਸ਼ੁੱਕਰਵਾਰ ਨੂੰ ਅਜਨਾਲਾ ਦੇ ਪਿੰਡ ਹਰਸ਼ਾ ਛੀਨਾ ਵਿੱਚ ਭਾਜਪਾ ਆਗੂ ਤਰੁਣ ਚੁੱਘ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਨ ਗਏ ਪਰ ਉਨ੍ਹਾਂ ਦੀ ਮੁਸ਼ਕਲ ਉਦੋਂ ਵੱਧ ਗਈ ਜਦੋਂ ਉਹ ਪ੍ਰੋਗਰਾਮ ਨੂੰ ਖ਼ਤਮ ਕਰਕੇ ਜਾਣ ਲੱਗੇ। ਕਿਸਾਨਾਂ ਨੇ ਭਾਜਪਾ ਆਗੂ ਦੀ ਗੱਡੀ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਈ ਕਿਸਾਨ ਭਾਜਪਾ ਆਗੂ ਦੀ ਗੱਡੀ ਅੱਗੇ ਬੈਠ ਗਏ, ਜਿਸ ਕਾਰਨ ਕਿਸਾਨਾਂ ਦੇ ਰੋਹ ਅੱਗੇ ਤਰੁਣ ਚੁੱਘ ਨੂੰ ਉਥੇ ਹੀ ਕਿਸਾਨਾਂ ਵਿਚਕਾਰ ਜ਼ਮੀਨ 'ਤੇ ਬੈਠਣਾ ਪਿਆ।
ਇਸ ਦੌਰਾਨ ਭਾਜਪਾ ਆਗੂ ਨੇ ਭਾਜਪਾ ਨੂੰ ਕਿਸਾਨ ਹਿਤੈਸ਼ੀ ਪਾਰਟੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਕਿਸਾਨਾਂ ਨੂੰ ਖੇਤੀ ਬਿੱਲਾਂ ਬਾਰੇ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ, ਜਦਕਿ ਇਹ ਬਿੱਲ ਕਿਸਾਨ ਹਿਤੈਸ਼ੀ ਹਨ, ਜਿਸ ਲਈ ਉਹ ਕਿਸਾਨਾਂ ਦੀ ਦਿੱਲੀ ਦਰਬਾਰ ਗੱਲ ਕਰਵਾ ਸਕਦੇ ਹਨ। ਭਾਜਪਾ ਆਗੂ ਨੇ ਹੋਰ ਵੀ ਭਾਜਪਾ ਦੇ ਹੱਕ ਵਿੱਚ ਕਈ ਤਕਰੀਰਾਂ ਦਿੱਤੀਆਂ ਪਰ ਕਿਸਾਨਾਂ ਨੇ ਤਰੁਣ ਚੁੱਘ ਦੀ ਇੱਕ ਨਹੀਂ ਸੁਣੀ ਅਤੇ ਖਰੀਆਂ-ਖਰੀਆਂ ਸੁਣਾਈਆਂ।