ਅੰਮ੍ਰਿਤਸਰ: ਪੰਜਾਬ ਦੇ ਲੋਕ ਜਿੱਥੇ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਸਨ ਉੱਥੇ ਹੀ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਇਸ ਦੇ ਨਾਲ ਹੀ ਬਿਪਰਜੋਏ ਤੂਫ਼ਾਨ ਦਾ ਅਸਰ ਵੀ ਪੰਜਾਬ 'ਚ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਅੰਮ੍ਰਿਤਸਰ 'ਚ ਮੀਂਹ ਨੇ ਪਿਛਲੇ 53 ਸਾਲ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਗੁਰੂ ਨਗਰੀ 'ਚ 129.5 ਐਮਐਮ ਮੀਂਹ ਪਿਆ ਹੈ। ਇਸੇ ਕਾਰਨ ਪੰਜਾਬ 'ਚ 18 ਜੂਨ ਤੱਕ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ।
ਮੌਸਮ ਵਿਭਾਗ ਦਾ ਬਿਆਨ: ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮਾਲਵੇ ਦੇ ਕੱੁਝ ਹਿੱਸੇ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ 'ਚ ਬਾਰਿਸ਼ ਦੇਣ ਨੂੰ ਮਿਲ ਸਕਦੀ ਹੈ। ਕਾਬਲੇਜ਼ਿਕਰ ਹੈ ਕਿ ਅੰਮ੍ਰਿਤਸਰ 'ਚ ਪਿਛਲੇ 24 ਘੰਟਿਆਂ ਦੌਰਾਨ 129.5 ਐਮਐਮ ਬਾਰਿਸ਼ ਰਿਕਰਾਡ ਕੀਤੀ ਗਈ ਹੈ। ਇਸ ਬਰਸਾਤ ਨੇ 30 ਜੂਨ 1970 ਨੂੰ ਹੋਈ 92.6 ਐਮ.ਐਮ ਬਾਰਿਸ਼ ਦਾ ਰਿਕਾਰਡ ਤੌੜ ਦਿੱਤਾ ਹੈ। ਇਸ ਬਰਾਸਤ ਕਾਰਨ ਕਾਫ਼ੀ ਨੁਕਸਾਨ ਵੀ ਹੋਇਆ ਹੈ।
ਮੌਸਮ ਖੁਸ਼ਨੁਮਾ: ਪਿਛਲੇ 24 ਘੰਟੇ ਦੌਰਾਨ ਪਏ ਮੀਂਹ ਅਤੇ ਗੜੇਮਾਰੀ ਨੇ ਮੌਸਮ ਨੂੰ ਹੋਰ ਰੰਗੀਲਾ ਕਰ ਦਿੱਤਾ ਹੈ। ਲੋਕ ਇਸ ਬਾਰਿਸ਼ ਦਾ ਆਨੰਦ ਮਾਣਦੇ ਨਜ਼ਰ ਆਏ। ਇਸ ਮੌਕੇ ਗੱਲਬਾਤ ਕਰਦੇ ਹੋਏ ਲੋਕਾਂ ਕਿਹਾ ਕਿ ਅੱਜ ਸਵੇਰ ਤੋਂ ਬਹੁਤ ਗਰਮੀ ਪੈ ਰਹੀ ਸੀ। ਦੁਪਹਿਰ ਬਾਅਦ ਹੋਈ ਬਾਰਿਸ਼ ਅਤੇ ਠੰਢੀਆਂ ਹਵਾਵਾਂ ਨੇ ਮੌਸਮ ਦਾ ਰੁਖ਼ ਬਦਲ ਕੇ ਰੱਖ ਦਿੱਤਾ।
ਕਾਰਪੋਰੇਸ਼ਨ ਖਿਲਾਫ਼ ਲੋਕਾਂ 'ਚ ਗੁੱਸਾ: ਭਾਵੇਂ ਕਿ ਮੌਸਮ ਦਾ ਮਿਜਾਜ਼ ਰੰਗਲਾ ਹੋ ਗਿਆ, ਪਰ ਕਾਰਪੋਰੇਸ਼ਨ ਵੱਲੋਂ ਨਾ ਕੀਤੇ ਕੰਮਾਂ ਕਾਰਨ ਲੋਕਾਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਲੋਕ ਕਾਰਪੋਰੇਸ਼ਨ ਨੂੰ ਕੋਸਦੇ ਨਜ਼ਰ ਆਏ। ਉਨ੍ਹਾਂ ਆਖਿਆ ਕਿ ਸੜਕਾਂ 'ਤੇ ਪਾਣੀ ਇਕੱਠਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।