ਅੰਮ੍ਰਿਤਸਰ : ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਮੁਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਅਕਤੂਬਰ 22 ਨੂੰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਆਉਣਗੇ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ, "ਕੇਂਦਰੀ ਕੈਬਿਨੇਟ ਵੱਲੋਂ ਪੂਰੇ ਦੇਸ਼ ਅਤੇ ਵਿਸ਼ਵ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੂਰਬ ਸ਼ਾਨਦਾਰ ਢੰਗ ਨਾਲ ਮਨਾਉਣ ਦੇ ਫੈਸਲੇ ਤੋਂ ਬਾਅਦ, ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈ.ਸੀ.ਸੀ.ਆਰ.) ਨੇ ਨਵੀਂ ਦਿੱਲੀ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਮੁਖੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਹੈ।"
ਨਵੀਂ ਦਿੱਲੀ ਵਿੱਚ 90 ਤੋਂ ਵੱਧ ਰਿਹਾਇਸ਼ੀ ਮੁਖੀਆਂ ਦੇ ਅੰਮ੍ਰਿਤਸਰ ਆਉਣ ਦੀ ਉਮੀਦ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘ਇਹ ਮੁਲਾਕਾਤ ਆਈ.ਸੀ.ਸੀ.ਆਰ. ਵੱਲੋਂ ਪੰਜਾਬ ਰਾਜ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਆਈ.ਸੀ.ਸੀ.ਆਰ. ਦੇ ਪ੍ਰਧਾਨ ਵਿਨੈ ਸਹਿਸ੍ਰਬੁੱਧੇ ਮਿਸ਼ਨਾਂ ਦੇ ਮੁਖੀਆਂ ਨਾਲ ਜਾਣਗੇ।