ਅੰਮ੍ਰਿਤਸਰ : ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਅੱਜ ਅਟਾਰੀ ਸਰਹੱਦ ਉੱਤੇ ਪੁਹੰਚੇ। ਇਸ ਦੌਰਾਨ ਹਰਭਜਨ ਸਿੰਘ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ।
ਹੈਦਰਾਬਾਦ ਬਲਾਤਕਾਰ ਮਾਮਲੇ ਬਾਰੇ ਹਰਭਜਨ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਸ਼ਰਮਿੰਦਾ ਹਨ ਕਿ ਉਹ ਅਜਿਹੇ ਦੇਸ਼ ਵਿੱਚ ਰਹਿੰਦੇ ਹਨ ਜਿਥੇ ਔਰਤਾਂ ਦੀ ਕੋਈ ਕਦਰ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿਖੇ ਔਰਤ ਡਾਕਟਰ ਨਾਲ ਹੋਏ ਬਲਾਤਕਾਰ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਦੇਸ਼ ਵਿੱਚ ਸਖ਼ਤ ਕਾਨੂੰਨ ਦੀ ਲੋੜ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਰਭਜਨ ਸਿੰਘ ਅੱਜ ਇੱਥੇ ਅਟਾਰੀ ਸਰਹੱਦ ਉੱਤੇ ਇੱਕ ਸਮਾਇਲ ਨਾਂਅ ਦੀ ਸੰਸਥਾ ਦੇ ਪ੍ਰਚਾਰ ਲਈ ਪਹੁੰਚੇ ਸਨ। ਸਮਾਇਲ ਸੰਸਥਾ ਉਨ੍ਹਾਂ ਬੱਚਿਆਂ ਦੀ ਇਲਾਜ ਕਰਵਾਉਂਦੀ ਹੈ, ਜੋ ਇਲਾਜ ਕਰਵਾਉਣ ਵਿੱਚ ਪੈਸਿਆਂ ਪੱਖੋਂ ਅਸਮਰੱਥ ਹਨ। ਹਰਭਜਨ ਸਿੰਘ ਅੱਜ ਇੱਥੇ ਉਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਪਹੁੰਚੇ ਜਿਨ੍ਹਾਂ ਦਾ ਅੱਜ ਇਲਾਜ ਹੋਣਾ ਸੀ।
ਇਸ ਦੌਰਾਨ ਹਰਭਜਨ ਸਿੰਘ ਨੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਕਿਹਾ ਕਿ ਭਾਵੇਂ ਕਿ ਇਹ ਦੋਵੇਂ ਦੇਸ਼ਾਂ ਦਾ ਅੰਦਰੂਨੀ ਮਾਮਲਾ ਹੈ ਪਰ ਖੇਡ ਜਰੀਏ ਦੋਵੇਂ ਦੇਸ਼ਾਂ ਨੂੰ ਜੋੜਿਆ ਜਾ ਸਕਦਾ ਹੈ। ਪਰ ਜੇਕਰ ਪਾਕਿਸਤਾਨ ਆਪਣੇ-ਆਪ ਵਿੱਚ ਸੁਧਾਰ ਕਰ ਅਤੇ ਸਰਹੱਦ ਉੱਤੇ ਸਾਡੇ ਜਵਾਨਾਂ ਨੂੰ ਮਾਰਨੋ ਹਟ ਜਾਵੇ, ਤਦ ਹੀ ਕੋਈ ਹੱਲ ਨਿਕਲ ਸਕਦਾ ਹੈ। ਹਰਭਜਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿੱਚ ਵਪਾਰ ਵੀ ਤਦ ਹੀ ਖੁੱਲ੍ਹ ਸਕਦਾ ਹੈ ਜੇ ਰਿਸ਼ਤੇ ਬਿਹਤਰ ਹੋ ਜਾਣ। ਦੋਵੇਂ ਦੇਸ਼ਾਂ ਵਿੱਚ ਖੇਡ ਰਾਹੀਂ ਅਮਨ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ।