ਅੰਮ੍ਰਿਤਸਰ : ਪੰਜਾਬ ਵਿੱਚ ਅਪਰਾਧ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿਨ-ਦਿਹਾੜੇ ਗੋਲੀਆਂ ਚਲਾ ਕੇ ਬਦਮਾਸ਼ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੱਡੀ ਪਿੱਛੇ ਕਰਨ ਨੂੰ ਲੈ ਕੇ ਗੋਲੀ ਚੱਲ ਗਈ। ਇਸ ਦੌਰਾਨ ਜਦੋਂ ਨੌਜਵਾਨ ਨੇ ਆਪਣੇ ਬਚਾਅ ਲਈ ਗੱਡੀ ਭਜਾਈ ਤਾਂ ਹਮਲਾਵਰ ਨੇ ਉਸ ਦਾ ਪਿੱਛਾ ਕੀਤਾ। ਕੁਝ ਸਮੇਂ ਬਾਅਦ ਦੁਬਾਰਾ ਉਕਤ ਹਮਲਾਵਰ ਨੌਜਵਾਨ ਦੇ ਘਰ ਦੇ ਬਾਹਰ ਗਿਆ ਤੇ ਗੋਲੀਆਂ ਚਲੀਆਂ। ਇਹ ਗੋਲੀਆਂ ਨੌਜਵਾਨ ਦੇ ਪੱਟ 'ਤੇ ਅਤੇ ਦੂਜੀ ਹਥੇਲੀ ਉਤੇ ਲੱਗੀ ਹੈ। ਜ਼ਖ਼ਮੀ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾ ਦਿੱਤਾ ਹੈ।
ਹਮਲਾ ਕਰਨ ਤੋਂ ਬਾਅਦ ਦੁਬਾਰਾ ਘਰ ਜਾ ਕੇ ਕੀਤੀ ਫਾਇਰਿੰਗ : ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਪਿੰਡੀ ਵਿਖੇ ਕੁੱਝ ਗੱਡੀ ਉਤੇ ਸਵਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਨੌਜਵਾਨ ਉਤੇ ਗੱਡੀ ਪਿੱਛੇ ਕਰਨ ਨੂੰ ਲੈ ਕੇ ਗੋਲੀਆਂ ਚਲਾਈਆਂ। ਆਪਣੇ ਬਚਾਅ ਲਈ ਉਸ ਨੇ ਗੱਡੀ ਭਜਾ ਲਈ ਤੇ ਘਰ ਪਹੁੰਚ ਗਿਆ। ਹਸਪਤਾਲ ਵਿੱਚ ਦਾਖਲ ਨੌਜਵਾਨ ਨੇ ਕਿਹਾ ਕਿ ਜਦੋਂ ਉਹ ਪਨੀਰ ਲੈਣ ਲਈ ਇਕ ਡੇਅਰੀ ਉਤੇ ਰੁਕਿਆ ਤਾਂ ਪਿੱਛਿਓਂ ਇਕ ਗੱਡੀ ਵਿੱਚ ਸਵਾਰ ਨੌਜਵਾਨ ਨੇ ਉਸ ਨੂੰ ਗੱਡੀ ਪਿੱਛੇ ਕਰਨ ਲਈ ਕਿਹਾ, ਜਦੋਂ ਉਹ ਗੱਡੀ ਸਾਈਡ ਲਾਉਣ ਲੱਗਿਆ ਤਾਂ ਉਸ ਨੇ ਕਿਹਾ ਕਿ ਗੱਡੀ ਪਿੱਛੇ ਕਰਨੀ ਹੈ ਜਾਂ ਦੂਜੇ ਤਰੀਕੇ ਨਾਲ ਕਰਾਵਾਂ।
ਨੌਜਵਾਨ ਨੇ ਦੱਸਿਆ ਕਿ ਉਹ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਤੇ ਪਿੰਡੀ ਵਿਖੇ ਉਹ ਘਰ ਦਾ ਸਾਮਾਨ ਲੈਣ ਲਈ ਆਇਆ ਸੀ। ਜਦੋਂ ਹਮਲਾਵਰਾਂ ਨੇ ਉਸ ਦੇ ਗੋਲੀ ਮਾਰੀ ਤਾਂ ਉਹ ਗੱਡੀ ਭਜਾ ਕੇ ਘਰ ਚਲਿਆ ਗਿਆ। ਅੱਧੇ ਘੰਟੇ ਬਾਅਦ ਜਦੋਂ ਉਹ ਘਰ ਦੇ ਬਾਹਰ ਖੜ੍ਹਾ ਸੀ ਤਾਂ, ਓਹੀ ਨੌਜਵਾਨ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਆਇਆ ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਉਸ ਦੇ ਦੋ ਗੋਲੀਆਂ ਲੱਗੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੁੜ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : Jathedar's appeal to Amritpal : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਸਿੰਘ ਨੂੰ ਫਿਰ ਅਪੀਲ, ਬੋਲੇ-'ਆਤਮ ਸਮਰਪਣ ਕਰੇ'
ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ : ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਗੇ ਵੀ ਪਿੰਡ ਦੇ ਵਿੱਚ ਦੋ ਵਾਰਦਾਤਾਂ ਹੋ ਚੁੱਕਿਆ ਹਨ। ਉਨ੍ਹਾਂ ਕਿਹਾ ਕਿ ਇੰਝ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਥੇ ਹੀ ਮੌਕੇ ਉਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਦਿਲਾਵਰ ਸਿੰਘ ਦੇ ਨਾਮ ਦੇ ਨੌਜਵਾਨ ਉਤੇ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰੀ ਗਈ ਹੈ। ਅਸੀਂ ਆਲੇ-ਦੁਆਲੇ ਦੇ ਸਿਸੀਟੀਵੀ ਕੈਮਰੇ ਦੀ ਫੁਟੇਜ ਖੰਘਾਲ ਰਹੇ ਹਾਂ। ਉਨ੍ਹਾਂ ਕਿਹਾ ਕਿ ਪੀੜਿਤ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।