ਅੰਮ੍ਰਿਤਸਰ: ਹਮੀਦਪੁਰਾ ਕਲੋਨੀ ਬਾਈਪਾਸ ਚ ਗਲੀ ਵਿੱਚ ਗੇਟ ਕੱਢਣ ਨੂੰ ਲੈ ਕੇ ਚੱਲ ਰਹੇ ਝਗੜੇ ਚ ਕੁੱਝ ਨੋਜਵਾਨਾਂ ਨੇ ਗੁਆਂਢੀਆ ਦੇ ਘਰ ਦੇਰ ਰਾਤ ਸ਼ਰੇਆਮ ਗੋਲੀਆ ਚਲਾ ਦਿੱਤੀਆਂ। ਇਸ ਦੌਰਾਨ ਘਰ ਵਿਚ ਸੁੱਤੇ ਇਕ ਨੌਜਵਾਨ ਦੇ ਗੋਲੀ ਦਾ ਛਰਲਾ ਵੱਜ ਗਿਆ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਗੋਲੀ ਚੱਲਣ ਦੀ ਖ਼ਬਰ ਮਿਲਦਿਆਂ ਹੀ ਥਾਣਾ ਘਰਿੰਡਾ ਦੀ ਪੁਲਿਸ ਮੋਕੇ 'ਤੇ ਪਹੁੰਚ ਗਈ ਤੇ ਘਟਨਾਂ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਮਦ ਹੋਏ। ਪੁਲਿਸ ਨੇ ਇਹ ਸਭ ਬਰਾਮਦ ਕਰਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਬਿਕਰਮ ਸਿੰਘ ਨੇ ਦੱਸਿਆ ਕਿ ਗੁਆਂਢੀ ਵਿਸ਼ਾਲ ਸਿੰਘ ਨਾਲ ਉਨ੍ਹਾਂ ਦਾ ਕੁੱਝ ਚਿਰਾਂ ਤੋਂ ਪਲਾਟ ਵਿਚ ਗੇਟ ਕੱਢਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਜਿਸ ਦਾ ਉਨ੍ਹਾਂ ਦਾ ਵਿਸ਼ਾਲ ਸਿੰਘ ਨਾਲ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ, ਜੋ ਕਿ ਵਿਚਾਰਅਧੀਨ ਹੈ। ਉਨ੍ਹਾਂ ਦੱਸਿਆ ਕਿ ਬੀਤੀ 20 ਜੁਲਾਈ ਨੂੰ ਵਿਸ਼ਾਲ ਸਿੰਘ ਨੇ ਦੇਰ ਰਾਤ ਆਪਣੇ 100 ਦੇ ਕਰੀਬ ਸਾਥੀਆਂ ਨਾਲ ਮਿਲ ਕੇ ਪਲਾਟ ਦੀ ਕੰਧ ਢਾਹ ਦਿੱਤੀ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ ਇੱਟਾਂ ਪੱਥਰ ਚਲਾਏ ਤੇ ਤੋੜਭੰਨ ਕੀਤੀ। ਉਨ੍ਹਾ ਬੜੀ ਮੁਸ਼ਕਿਲ ਨਾਲ ਘਰ ਅੰਦਰ ਲੁੱਕ ਕੇ ਆਪਣੀ ਜਾਨ ਬਚਾਈ ਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਕੁੱਝ ਦਿਨ ਪਹਿਲਾਂ ਵਿਸ਼ਾਲ ਸਿੰਘ ਤੇ ਹੋਰ 7-8 ਵਿਅਕਤੀਆ ਖਿਲਾਫ਼ ਕੇਸ ਦਰਜ ਕੀਤਾ ਸੀ ਪਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ।
ਇਸੇ ਰੰਜਿਸ਼ ਤਹਿਤ ਬੀਤੀ ਰਾਤ ਗੁਰਲਾਲ ਸਿੰਘ ਪੁੱਤਰ ਘੁੰਮਣ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮੂੰਹ ਬੰਨ ਕੇ ਉਨ੍ਹਾਂ ਦੇ ਘਰ ਬਾਹਰ ਆਏ ਤੇ ਦੋਵਾਂ ਨੇ ਪਿਸਤੌਲ ਕੱਢ ਕੇ ਉਨ੍ਹਾਂ ਦੇ ਘਰ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਗਰਿੱਲਾਂ ਵਿਚ ਇਕ ਗੋਲੀ ਦਾ ਛਰਲਾ ਉਸ ਦੀ ਬਾਂਹ ਨੂੰ ਛੂਹ ਕੇ ਲੰਘ ਗਿਆ।
ਉਨ੍ਹਾ ਦੱਸਿਆ ਕਿ ਮੁਲਜ਼ਮਾਂ ਨੇ ਸੱਤ ਦੇ ਕਰੀਬ ਫਾਇਰ ਕੀਤੇ। ਵਿਸ਼ਾਲ ਸਿੰਘ ਨੇ ਸ਼ਰੇਆਮ ਉਨ੍ਹਾਂ ਨੂੰ ਲਲਕਾਰੇ ਮਾਰ ਕੇ ਕਿਹਾ ਕਿ ਪਰਚੇ ਕਰਵਾਉਣ ਦਾ ਸਬਕ ਸਿਖਾ ਕੇ ਰਹਾਂਗੇ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਗੋਲੀਆ ਦੇ ਖੋਲ ਬਰਾਮਦ ਕਰਕੇ ਵਿਸ਼ਾਲ ਸਿੰਘ ਤੇ ਉਸਦੇ ਸਾਥੀਆ ਖਿਲਾਫ ਕੇਸ ਦਰਜ ਕਰ ਲਿਆ ਹੈ। ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ ਜਿੰਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।