ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਤੇ ਬੀਬੀ ਜਾਗੀਰ ਕੌਰ ਵੱਲੋਂ ਬਗਾਵਤੀ ਸੁਰ ਅਜੇ ਵੀ ਸੁਰਖੀਆਂ ਵਿੱਚ ਬਣੇ ਹੋਏ ਹਨ। ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਸਿੱਖ ਪ੍ਰਚਾਰਕ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬੀਬੀ ਜਗੀਰ ਕੌਰ ਵੱਲੋਂ ਬਤੌਰ ਪ੍ਰਧਾਨ ਚੋਣ ਲੜਨ ਦੇ ਫ਼ੈਸਲੇ ਨੂੰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਨ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਮੁਅੱਤਲ ਕਰਨਾ ਇਹ ਸਾਬਤ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਕਬਜ਼ਾ ਬਣਾ ਕੇ ਰੱਖਣਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣ ਕੇ ਪ੍ਰਧਾਨ ਪਾਸੋਂ ਮਨਮਰਜ਼ੀ ਦੇ ਕੰਮ ਕਰਵਾਉਂਦੇ ਹਨ।
ਭੋਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਪੰਥ ਪੂਰੀ ਤਰ੍ਹਾਂ ਨਕਾਰ ਚੁੱਕਿਆ ਹੈ। ਭੋਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ 2 ਵਾਰ ਕਰਾਰੀ ਹਾਰ ਤੋਂ ਬਾਅਦ ਸੱਤਾ ਖੁਸਣ ਦੇ ਕਾਰਨ ਬਾਦਲ ਪਰਿਵਾਰ ਸਿਰਫ਼ ਤਾਂ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੀ ਨਿਗ੍ਹਾ ਬਣਾਈ ਬੈਠਾ ਹੈ।
ਉਨ੍ਹਾਂ ਕਿਹਾ ਕਿ ਜੋ ਚੋਣ ਅਜ਼ਾਦਾਨਾ ਤੌਰ ਤੇ ਹੋਣੀ ਚਾਹੀਦੀ ਹੈ, ਉਹ ਇਕ ਲਿਫਾਫਾ ਕਲਚਰ ਰਾਹੀਂ ਹੀ ਹੋ ਰਹੀ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਲਿਫਾਫਾ ਜਰਨਲ ਹਾਊਸ ਵਿਚ ਪੜ੍ਹਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਧਾਰਮਿਕ ਸੰਸਥਾ ਹੈ ਜੇਕਰ ਸਾਡੇ ਧਰਮਿਕ ਆਗੂ ਹੀ ਆਜ਼ਾਦ ਨਹੀਂ ਹੋਣਗੇ ਤਾਂ ਧਾਰਮਿਕ ਕੰਮ ਕਾਰਜ ਕਿਸ ਤਰਾਂ ਆਜ਼ਾਦਾਨਾ ਤੌਰ ਤੇ ਹੋ ਸਕਣਗੇ। ਉਨ੍ਹਾਂ ਕਿਹਾ ਕਿ ਸੁਨਹਿਰੀ ਮੌਕਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਦੁਆਰਿਆਂ ਦਾ ਪ੍ਰਬੰਧ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਖੋਹ ਕੇ ਆਜ਼ਾਦਾਨਾ ਤੌਰ 'ਤੇ ਕਰਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਇਹ ਹਾਲਾਤ ਹਨ ਕਿ ਉਹ ਲੋਕਾਂ ਵਿੱਚ ਵਿਚਰਨ ਤੋਂ ਡਰਦੇ ਹਨ, ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਹੇਠ ਚੱਲ ਰਹੇ ਮੈਂਬਰਾਂ ਨੂੰ ਲੋਕ ਨਕਾਰ ਰਹੇ ਹਨ। ਭੋਮਾ ਨੇ ਕਿਹਾ ਕਿ ਜੇਕਰ ਇਸ ਸੁਨਹਿਰੀ ਮੌਕੇ ਨੂੰ ਸਿੱਖ ਪੰਥ ਨੇ ਪਛਾਣ ਲਿਆ ਤਾਂ ਸਿੱਖ ਪੰਥ ਦੇ ਗੁਰਦੁਆਰਿਆਂ 'ਤੇ ਮੌਜੂਦਾ ਬਾਦਲ ਮਹੰਤਾਂ ਤੋਂ ਆਜ਼ਾਦ ਕਰਵਾ ਲਏ ਜਾਣਗੇ।
ਮਨਜੀਤ ਸਿੰਘ ਭੋਮਾ ਨੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਬਾਦਲਾਂ ਦੀਆਂ ਜਲਾਲਤਾਂ ਤੇ ਗ਼ੁਲਾਮੀ ਵਾਲੀਆਂ ਤਖਤੀਆਂ ਗਲਾਂ ਵਿੱਚੋਂ ਲਾਹਕੇ , ਆਜ਼ਾਦਾਨਾ ਸੋਚ 'ਤੇ ਪਹਿਰਾ ਦੇ ਕੇ ਪੰਥ ਦੀ ਆਵਾਜ਼ ਬੁਲੰਦ ਅਵਾਜ਼ ਕਰਨ ਵਾਲੀ ਬੀਬੀ ਜਗੀਰ ਕੌਰ ਦਾ ਸਾਥ ਦੇ ਕੇ ਉਨ੍ਹਾਂ ਨੂੰ ਵੋਟ ਪਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਾਓ ਅਤੇ ਅੱਜ ਦੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉ। ਭੋਮਾ ਨੇ ਕਿਹਾ ਕਿ ਬਾਦਲਾਂ ਤੋਂ ਵਿਰੋਧੀ ਬਹੁਗਿਣਤੀ ਹੀ ਮੈਂਬਰਾਂ ਨੂੰ ਲੋਕਾਂ ਵਿੱਚ ਵਿਚਰਨ ਦਾ ਸੁਨਹਿਰੀ ਮੌਕਾ ਦੇਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਬੀਬੀ ਜਗੀਰ ਕੌਰ ਦੇ ਆਜ਼ਾਦਾਨਾ ਤੌਰ 'ਤੇ ਪ੍ਰਧਾਨਗੀ ਦੀ ਚੋਣ ਲੜਨ 'ਤੇ ਬਾਦਲਾਂ ਵੱਲੋਂ ਕੀਤੀ ਗਈ ਕਾਰਵਾਈ ਇਹ ਸਾਬਤ ਕਰਦੀ ਹੈ ਕਿ ਬਾਦਲ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜਗੀਰ ਸਮਝਦੇ ਹਨ ਅਤੇ ਉਸ ਤੇ ਕਾਬਜ਼ ਹਨ। ਬੀਬੀ ਜਗੀਰ ਕੌਰ ਦੇ ਜਿੱਤਣ ਨਾਲ ਬਾਦਲਾਂ ਦਾ ਠੱਪਾ ਸ਼੍ਰੋਮਣੀ ਕਮੇਟੀ ਤੋਂ ਹੱਟੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਡੇਰਾ ਸਿਰਸਾ ਮੁਖੀ ਨੂੰ ਮੁਆਫੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਥ ਚੋਂ ਬਾਹਰ ਕੱਢਣ ਦਾ ਸੁਨਹਿਰੀ ਮੌਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰਾਂ ਦੀ ਚੋਣ ਨਾਲ ਹੋਵੇਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਅਤੇ ਵਲਟੋਹਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ, ਇਹ ਹੈ ਮਾਮਲਾ