ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਦੇ ਹੋਏ ਤਬਾਦਲੇ ਤੋਂ ਬਾਅਦ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਅੰਦਰ ਵੀ ਸੀਨੀਅਰ ਮੈਡੀਕਲ ਅਫਸਰ ਰਾਜੂ ਚੌਹਾਨ ਜੋ ਕਾਫੀ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਤਬਾਦਲੇ ਤੋਂ ਬਾਅਦ ਹੁਣ ਡਾਕਟਰ ਮਦਨ ਮੋਹਨ ਮਿੱਤਲ ਵੱਲੋਂ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ।
ਲੋਕਾਂ ਨੂੰ ਮਿਲਣਗੀਆਂ ਸਹੂਲਤਾਂ: ਗੱਲਬਾਤ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਉਹਨਾਂ ਵੱਲੋ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਉਨ੍ਹਾਂ ਕਿਹਾ ਹਸਪਤਾਲ ਅੰਦਰ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਹਸਪਤਾਲ ਨੂੰ ਕੁਰੱਪਸ਼ਨ ਮੁਕਤ ਕੀਤਾ ਜਾਵੇਗਾ। ਕਿਸੇ ਨੂੰ ਵੀ ਹਸਪਤਾਲ ਅੰਦਰ ਕਿਸੇ ਤਰ੍ਹਾਂ ਦੀ ਕੁਰੱਪਸ਼ਨ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹਸਪਤਾਲ ਅੰਦਰ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਦਾ ਵੀ ਨਜਾਇਜ਼ ਤਰੀਕੇ ਦੇ ਨਾਲ ਮੈਡੀਕਲ ਨਹੀਂ ਕੀਤਾ ਜਾਏਗਾ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜੇਕਰ ਸਾਡੇ ਸਟਾਫ ਵੱਲੋਂ ਮਰੀਜਾਂ ਨੂੰ ਨਹੀਂ ਦਿੱਤੀਆਂ ਗਈਆਂ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਅਧਿਕਾਰੀ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੀਤੇ ਦਿਨ ਹੋਏ ਸਨ ਤਬਾਦਲੇ: ਦੱਸ ਦਈਏ ਪੰਜਾਬ ਸਰਕਾਰ ਵੱਲੋਂ 3 ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਸਿਹਤ ਵਿਭਾਗ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਯਾਨੀ ਕਿ ਐੱਸਐੱਮਓ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਸਰਕਾਰ ਨੇ ਅਧਿਕਾਰੀਆਂ ਨੂੰ ਬਿਨਾਂ ਦੇਰੀ ਨਵੀਂ ਤੈਨਾਤੀ 'ਤੇ ਜੁਆਇਨ ਕਰਨ ਲਈ ਵੀ ਹੁਕਮ ਜਾਰੀ ਕੀਤੇ ਸਨ। ਇਹ ਵੀ ਕਿਹਾ ਗਿਆ ਸੀ ਕਿ ਸਿਹਤ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਕਈ ਤਬਾਦਲਿਆਂ ਦੇ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ.ਰਾਜੂ ਚੌਹਾਨ ਨੂੰ ਪੀ.ਐਚ.ਸੀ ਸ਼ੁਤਰਾਣਾ ਵਿਖੇ ਲਗਾਇਆ ਗਿਆ ਸੀ, ਜਦੋਂ ਕਿ ਡਾ: ਅਨੀਤਾ ਦਾ ਤਬਾਦਲਾ ਐਸਡੀਐਸ ਬਾਬਾ ਬਕਾਲਾ ਸਾਹਿਬ ਤੋਂ ਖਡੂਰ ਸਾਹਿਬ ਅਤੇ ਡਾ: ਨੀਰਜ ਭਾਟੀਆ ਨੂੰ ਖਡੂਰ ਸਾਹਿਬ ਤੋਂ ਬਾਬਾ ਬਕਾਲਾ ਭੇਜਿਆ ਗਿਆ। ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਸਨ। ਡਾ. ਜੋਤੀ ਫੋਕੇਲਾ ਨੂੰ ਕੇਂਦਰੀ ਤੇ ਬਾਲ ਸਿਵਲ ਹਸਪਤਾਲ ਜਲੰਧਰ ਤੋਂ ਸਹਾਇਕ ਸਿਵਲ ਸਰਜਨ ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਥਾਂ ਡਾ. ਵਰਿੰਦਰ ਥਿੰਦ ਨੂੰ ਸਿਵਲ ਹਸਪਤਾਲ ਤਬਾਦਲਾ ਕਰਕੇ ਭੇਜਿਆ ਗਿਆ ਹੈ।