ਅੰਮ੍ਰਿਤਸਰ:ਪੰਜਾਬ ਸਰਕਾਰ ਵਲੋਂ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਕਈ ਥਾਵਾਂ 'ਤੇ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਾਰੇ ਅੰਡਰ ਟਰਾਇਲ ਅਤੇ ਸਜ਼ਾ ਯਾਫ਼ਤਾ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ।
ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਲਏ ਸੈਂਪਲ: ਇਸੇ ਤਹਿਤ ਜਦੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਇਨ੍ਹਾਂ ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਜੇਲ੍ਹ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ 1900 ਕੈਦੀਆਂ ਦੇ ਡੋਪ ਟੈਸਟਾਂ ਵਿੱਚੋਂ 900 ਕੈਦੀ ਨਸ਼ੇ ਦੇ ਆਦੀ ਪਾਏ ਗਏ ਹਨ।
ਜਵਾਨੀ ਨੂੰ ਨਸ਼ਿਆਂ ਦੀ ਲੱਤ: ਜੇਲ੍ਹ ਦੀਆਂ ਦੀਵਾਰਾਂ 'ਚ ਕੈਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲੱਤ ਲੱਗ ਗਈ ਹੈ। ਇਨ੍ਹਾਂ ਕੈਦੀਆਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਾ ਕਰਨ ਦੀਆਂ ਰਿਪੋਰਟਾਂ ਦੇਖ ਕੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਭਾਵੇਂ ਇਸ ਸੰਦਰਭ ਵਿੱਚ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ ਪਰ ਇਹ ਗੱਲ ਬਿਲਕੁਲ ਸੱਚ ਹੈ।
50 ਫੀਸਦੀ ਕੈਦੀ ਨਸ਼ੇ ਦਾ ਸ਼ਿਕਾਰ: ਜ਼ਿਕਰਯੋਗ ਅੰਮ੍ਰਿਤਸਰ ਜੇਲ੍ਹ ਵਿੱਚ 3600 ਕੈਦੀ ਸਜ਼ਾ ਭੁਗਤ ਰਹੇ ਹਨ। ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ 1900 ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ। ਦੇਰ ਸ਼ਾਮ ਜਦੋਂ ਰਿਪੋਰਟ ਤਿਆਰ ਕੀਤੀ ਗਈ ਤਾਂ ਕਰੀਬ 50 ਫੀਸਦੀ ਕੈਦੀ ਨਸ਼ੇ ਦਾ ਸ਼ਿਕਾਰ ਪਾਏ ਗਏ। ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਕੈਦੀ ਅਫੀਮ, ਭੁੱਕੀ ਦੇ ਆਦੀ ਹਨ।
ਸਰਕਾਰੀ ਓਟ ਸੈਂਟਰਾਂ ਤੋਂ ਲੈ ਰਹੇ ਦਵਾਈ: ਨਸ਼ੇ ਦੀ ਲਤ ਤੋਂ ਪੀੜਤ 900 ਕੈਦੀਆਂ ਵਿੱਚ ਉਹ ਵੀ ਸ਼ਾਮਲ ਹਨ ਜੋ ਨਸ਼ਾ ਛੁਡਾਉਣ ਲਈ ਸਰਕਾਰੀ ਓਟ ਸੈਂਟਰਾਂ ਤੋਂ ਦਵਾਈ ਲੈ ਰਹੇ ਹਨ। ਹਾਲਾਂਕਿ ਨਸ਼ਾ ਛੁਡਾਉਣ 'ਚ ਵਰਤੇ ਜਾਣ ਵਾਲੇ ਨਸ਼ੇ 'ਚ ਮੋਰਫਿਨ ਦੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਉਣੀ ਤੈਅ ਹੈ। ਇਸ ਦੇ ਨਾਲ ਹੀ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੈਦੀਆਂ ਤੱਕ ਨਸ਼ਾ ਕੌਣ ਪਹੁੰਚਾਉਂਦਾ ਹੈ ?
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਉੱਤਰ ਪ੍ਰਦੇਸ਼ 'ਚ ਛਾਪਾ, 7 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ