ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਖਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਵੀ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜੋਧਪੁਰ ਮੁੜ ਵਸੇਬਾ ਕਮੇਟੀ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਨੇ ਕਿਹਾ ਕਿ ਉਹ ਖੁਦ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਾਰਿਆਂ ਨੂੰ ਪਾਲਣ ਪੋਸ਼ਣ ਵਾਲਾ ਸੂਬਾ ਹੈ ਅਤੇ ਇੱਥੇ ਹਰ ਤਰ੍ਹਾਂ ਦੀ ਫ਼ਸਲ ਪੈਦਾ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਰਨ ਵਾਸਤੇ ਇਹ ਬਿੱਲ ਪਾਸ ਕੀਤੇ ਗਏ ਹਨ। ਇਨ੍ਹਾਂ ਘਾਤਕ ਬਿੱਲਾਂ ਕਰਕੇ ਕਿਸਾਨੀ ਅਤੇ ਆੜ੍ਹਤੀਆਂ ਦਾ ਕੰਮਕਾਰ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਾਜਿਸ਼ ਤਹਿਤ ਤਬਾਹ ਕੀਤਾ ਜਾ ਰਿਹਾ ਹੈ। ਇਸ ਲਈ ਉਹ ਜੋਧਪੁਰ ਮੁੜ ਵਸੇਬਾ ਕਮੇਟੀ, ਦਮਦਮੀ ਟਕਸਾਲ ਅਤੇ ਧਰਮੀ ਫੌਜੀਆਂ ਵੱਲੋਂ ਇਸ ਬਿੱਲ ਦੀ ਨਿਖੇਧੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਮੋਢੇ ਨਾਲ ਮੋਢਾ ਜੋੜ ਏਕਤਾ ਕਰੀਏ ਤਾਂ ਜੋ ਕਿਸਾਨੀ ਬਚ ਜਾਵੇ। ਭਾਈ ਸਤਨਾਮ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦਤਰ ਹੋ ਗਏ ਹਨ, ਪੰਜਾਬ ਨੂੰ ਮੰਗਤਾ ਬਣਾਉਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਨਦਾਤਾ ਹੈ ਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ 25 ਸਤੰਬਰ ਨੂੰ ਜਿੱਥੇ ਵੀ ਕਿਸਾਨਾਂ ਦਾ ਪ੍ਰੋਗਰਾਮ ਹੋਵੇਗਾ, ਉਹ ਸ਼ਾਮਿਲ ਹੋਣਗੇ ਅਤੇ ਹਰ ਤਰ੍ਹਾਂ ਕਿਸਾਨਾਂ ਦੀ ਮਦਦ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਨੂੰ ਵੀ ਚਾਹੀਦਾ ਕਿ ਹੋਰ ਤਰ੍ਹਾਂ ਦੇ ਪ੍ਰੋਗਰਾਮ ਕਰਨ ਅਤੇ ਧਰਨੇ ਲਾਉਣ ਦੀ ਥਾਂ ਕਿਸਾਨਾਂ ਨਾਲ ਡਟ ਕੇ ਖੜਨ।