ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ ਸਰਕਾਰਾਂ ਦੀਆਂ ਕਮੀਆਂ ਨੂੰ ਉਜਾਗਰ ਕਰੇਗਾ ਅਤੇ ਕਈ ਕਮੀਆਂ ਨੂੰ ਲੁਕੋ ਵੀ ਲਵੇਗਾ। ਉਨ੍ਹਾਂ ਕਿਹਾ ਕਿ ਜੋ ਰਾਸ਼ਨ ਵੰਡਣ ਵਿੱਚ ਸਿਆਸੀਕਰਨ ਹੋ ਰਿਹਾ ਹੈ, ਉਹ ਠੀਕ ਨਹੀਂ ਹੈ ਕਿਉਂਕਿ ਲੋੜਵੰਦ ਸਾਰੇ ਹਨ, ਸਾਰਿਆਂ ਨੂੰ ਹੀ ਭੁੱਖ ਲੱਗਦੀ ਹੈ। ਭੁੱਖ ਕੋਈ ਪਾਰਟੀ ਨਹੀਂ ਦੇਖਦੀ। ਇਸ ਲਈ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਵੇਲੇ ਵਿਤਕਰੇਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਜਥੇਦਾਰ ਸਾਹਬ ਨੇ ਕਿਹਾ ਕਿ ਕੇਂਦਰ ਸਰਕਾਰ "ਰਾਜ ਸਰਕਾਰਾਂ" ਨੂੰ ਪੈਸੇ ਦੇਵੇ ਤੇ ਤਾਂ ਜੋ ਰਾਜ ਸਰਕਾਰਾਂ ਲੋੜਵੰਦਾਂ ਲਈ ਪੈਸਿਆਂ ਨੂੰ ਵਰਤ ਸਕਣ। ਭਾਈ ਨਿਰਮਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦਾ ਪਰਿਵਾਰ ਤੇ ਸਿੱਖ ਪੰਥ ਸ਼ੰਕਾ ਵਿੱਚ ਹੈ, ਇਸ ਲਈ ਮੌਤ ਦੀ ਜਾਂਚ ਸੀਬੀਆਈ ਕਰੇ।
ਅੰਮ੍ਰਿਤਧਾਰੀ ਪਰਿਵਾਰ ਉੱਪਰ ਖੰਨਾ ਪੁਲਿਸ ਵੱਲੋਂ ਕੀਤੇ ਤਸ਼ਦੱਦ ਦੇ ਮਾਮਲੇ ਵਿੱਚ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਜਰੂਰ ਹੋਵੇ।