ਅੰਮ੍ਰਿਤਸਰ : ਬੀਜੇਪੀ ਨੇ ਅੱਜ ਪੰਜਾਬ ਦੀ ਅੰਮ੍ਰਿਤਸਰ ਸੀਟ ਸਮੇਤ 7 ਹੋਰ ਸੀਟਾਂ ਉਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਤੋਂ ਭਾਜਪਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਰਦੀਪ ਪੁਰੀ ਮੋਦੀ ਸਰਕਾਰ ਵਿੱਚ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਸਨ।
ਇਸੇ ਤਰ੍ਹਾਂ ਭਾਜਪਾ ਵਲੋਂ ਦਿੱਲੀ ਦੀਆਂ 4 ਸੀਟਾਂ ਉੱਤੇ ਵੀ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਦਿੱਲੀ ਦੇ ਚਾਂਦਨੀ ਚੌਕ ਤੋਂ ਡਾ. ਹਰਸ਼ਵਰਧਨ, ਉੱਤਰ-ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਪੱਛਮ ਦਿੱਲੀ ਤੋਂ ਪ੍ਰਵੇਸ਼ ਵਰਮਾ, ਦੱਖਣੀ ਦਿੱਲੀ ਤੋਂ ਰਮੇਸ਼ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਇੰਦੋਰ ਤੋਂ ਸ਼ੰਕਰ ਲਖਣਵੀ ਅਤੇ ਉੱਤਰ ਪ੍ਰਦੇਸ਼ ਦੇ ਗੋਸੀ ਲੋਕ ਸਭਾ ਹਲਕੇ ਤੋਂ ਹਰਿਨਾਰਾਇਣ ਰਾਜਭਰ ਭਾਜਪਾ ਦੇ ਉਮੀਦਵਾਰ ਹੋਣਗੇ।
ਦੱਸ ਦਈਏ ਕਿ ਅੰਮ੍ਰਿਤਸਰ ਸੀਟ ਉੱਤੇ ਭਾਜਪਾ ਉਮੀਦਵਾਰ ਵਜੋਂ ਪਹਿਲਾਂ ਤੋਂ ਹੀ ਕਈ ਨਾਵਾਂ ਦੀ ਚਰਚਾ ਲੋਕਾਂ ਵਿਚਕਾਰ ਚੱਲ ਰਹੀ ਸੀ। ਜਿਨ੍ਹਾਂ ਵਿਚ ਸਾਬਕਾ ਆਈ. ਪੀ. ਐੱਸ. ਅਫ਼ਸਰ ਤੇ ਪੁਡੂਚੇਰੀ ਦੀ ਰਾਜਪਾਲ ਕਿਰਨ ਬੇਦੀ, ਫ਼ਿਲਮੀ ਅਦਾਕਾਰ ਸੰਨੀ ਦਿਉਲ ਆਦਿ ਦੇ ਨਾਂ ਪ੍ਰਮੁੱਖ ਤੌਰ ਉਤੇ ਸ਼ਾਮਲ ਸਨ ਪਰ ਇਨ੍ਹਾਂ ਸਭ ਕਿਆਸਰਾਈਆਂ 'ਤੇ ਭਾਜਪਾ ਨੇ ਅੱਜ ਵਿਸ਼ਰਾਮ ਚਿੰਨ੍ਹ ਲਗਾਉਂਦੇ ਹੋਏ ਹਰਦੀਪ ਪੁਰੀ ਦੇ ਨਾਮ ਉਤੇ ਮੋਹਰ ਲਗਾ ਦਿੱਤੀ ਹੈ।