ਅੰਮ੍ਰਿਤਸਰ: ਕੈਂਟਰਬਰੀ (ਇੰਗਲੈਂਡ) ਦੇ ਪ੍ਰਮੁੱਖ ਚਰਚ ਦੇ ਆਰਚਬਿਸ਼ਪ ਜਸਟਿਨ ਪੋਰਟਲ ਵੈਲਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਲੋਕਾਂ ਵਿੱਚ ਅੰਦਰੂਨੀ ਪਿਆਰ ਮੁਹੱਬਤ ਬਣੀ ਰਹੇ ਇਸ ਲਈ ਅਰਦਾਸ ਕੀਤੀ। ਉੱਥੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਆਰਚਬਿਸ਼ਪ ਨੇ ਜਲ੍ਹਿਆਂਵਾਲਾ ਬਾਗ ਸਾਕੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਨੋਟ ਵੀ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ, "ਮੈਂਨੂੰ ਜਲ੍ਹਿਆਂਵਾਲਾ ਬਾਗ, ਜਿੱਥੇ ਅੰਗ੍ਰੇਜ਼ਾਂ ਵੱਲੋਂ ਵੱਡੀ ਗਿਣਤੀ ਵਿੱਚ ਮਾਸੂਮਾਂ ਨੂੰ ਮਾਰਿਆ ਗਿਆ ਸੀ, ਆਕੇ ਬਹੁਤ ਦੁੱਖ ਤੇ ਸ਼ਰਮ ਮਹਿਸੂਸ ਹੋ ਰਹੀ ਹੈ। ਮੈਂ ਅਧਿਕਾਰਕ ਤੌਰ 'ਤੇ ਆਪਣੇ ਦੇਸ਼ ਜਾਂ ਸਰਕਾਰ ਵੱਲੋਂ ਮਾਫੀ ਤਾਂ ਨਹੀਂ ਮੰਗ ਸਕਦਾ ਪਰ ਮੈਂ ਨਿਜੀ ਤੌਰ 'ਤੇ ਇਸ ਲਈ ਮਾਫੀ ਮੰਗਦਾ ਹਾਂ।"
ਆਰਚਬਿਸ਼ਪ ਜਸਟਿਨ ਵੈਲਬੀ ਨੇ ਵਿਦੇਸ਼ਾਂ ਵਿੱਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲੇ 'ਤੇ ਕਿਹਾ ਕਿ ਉਹ ਇਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਵਿਦੇਸ਼ਾਂ ਵਿੱਚ ਕੋਈ ਵੀ ਨਸਲੀ ਹਮਲੇ ਦਾ ਸ਼ਿਕਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਨੇੜੇ ਮੌਜੂਦ ਨਾਗਰਿਕਾਂ ਨੂੰ ਉਸ ਇਸ ਨਸਲੀ ਹਮਲੇ ਨੂੰ ਰੋਕਣਾ ਚਾਹੀਦਾ ਹੈ ਜੇਕਰ ਤਾਂ ਵੀ ਇਹ ਹਮਲਾ ਨਾ ਰੁਕੇ ਤਾਂ ਪੁਲਿਸ ਨੂੰ ਦੱਸਣ ਚਾਹਿਦਾ ਹੈ।
ਇਹ ਵੀ ਪੜ੍ਹੋ: ਕਿਸੇ ਨੂੰ ਸ਼ਰਨ ਦੇਣਾ ਭਾਰਤ ਸਰਕਾਰ ਦਾ ਹੱਕ: ਮਨੀਸ਼ ਤਿਵਾਰੀ
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਲਈ ਸਾਰੇ ਦੇਸ਼ਾਂ ਦੀਆਂ ਧਾਰਮਿਕ ਹਸਤੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਸਰਕਾਰਾਂ 'ਤੇ ਦਬਾ ਬਣਾਉਣਾ ਚਾਹੀਦਾ ਹੈ ਤਾਂ ਜੋ ਧਾਰਮਿਕ ਆਜ਼ਾਦੀ ਸੁਰੱਖਿਅਤ ਰਹੇ।